ਸੰਘ ਅੰਦੋਲਨ ‘ਚ ਕਮਿਊਨਿਸਟਾਂ ਦੀ ਭਾਗੀਦਾਰੀ ਤੋਂ ਘਬਰਾਇਆ

0
5

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਜੰਤਰ-ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਅੰਦੋਲਨ ਨੂੰ ਇੱਕ ਮਹੱਤਵਪੂਰਨ ਕੇਸ ਸਟੱਡੀ ਵਜੋਂ ਦੇਖਣ ਲਈ ਸੱਜੇ-ਪੱਖੀ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਜਾਇੰਟ ਜਨਰਲ ਸਕੱਤਰ ਅਤੁਲ ਲਿਮਏ ਨੇ ਇਸ ਪ੍ਰੋਟੈੱਸਟ ਨੂੰ ‘ਸੰਵਿਧਾਨ ਵਿਰੋਧੀ’ ਅਤੇ ‘ਰਾਸ਼ਟਰ ਵਿਰੋਧੀ’ ਕਰਾਰ ਦਿੱਤਾ ਹੈ। ਲਿਮਏ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕਿ ਨੀਟ ਪੇਪਰ ਲੀਕ ‘ਤੇ ਵਿਦਿਆਰਥੀਆਂ ਦਾ ਸ਼ੁਰੂਆਤੀ ਪ੍ਰਗਟਾਵਾ ਆਪਮੁਹਾਰਾ ਸੀ, ਸੀ ਜੇ ਪੀ ਦੀ ਅਗਵਾਈ ਵਾਲੇ ਪ੍ਰੋਟੈੱਸਟ ਨੂੰ ਇੱਕ ਵੱਡੇ ਸਿਆਸੀ ਉਦੇਸ਼ ਨਾਲ ਚੰਗੀ ਤਰ੍ਹਾਂ ਜਥੇਬੰਦ ਕੀਤਾ ਗਿਆ। ਉਸ ਨੇ ਅੱਗੇ ਕਿਹਾ ਕਿ ਖੱਬੇ ਪੱਖੀ ‘ਬਦਲਵੀਂ ਸਿਆਸਤ’ ਦੇ ਸੰਕਲਪ ਨੂੰ ਅੰਦੋਲਨ ਰਾਹੀਂ ਸਫਲਤਾਪੂਰਵਕ ਪਰਖਿਆ ਗਿਆ। ਡਾ. ਬੀ ਆਰ ਅੰਬੇਡਕਰ ਦੇ ਆਪਣੇ ਇਤਿਹਾਸਕ ‘ਅਰਾਜਕਤਾ ਦੀ ਵਿਆਕਰਣ’ (ਗਰਾਮਰ ਆਫ ਅਨਾਰਕੀ) ਭਾਸ਼ਣ ਦੌਰਾਨ ਕਹੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ, ਲਿਮਏ ਨੇ ਕਿਹਾ, ”ਡਾ. ਅੰਬੇਡਕਰ ਨੇ ਬਹੁਤ ਪਹਿਲਾਂ ਅਰਾਜਕਤਾਵਾਦੀਆਂ ਬਾਰੇ ਚੇਤਾਵਨੀ ਦਿੱਤੀ ਸੀ। ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਸਮਝਿਆ ਜਾਵੇ ਅਤੇ ਅਜਿਹੀਆਂ ਅਰਾਜਕਤਾਵਾਦੀ ਤਾਕਤਾਂ ਵਿਰੁੱਧ ਸਾਵਧਾਨੀ ਵਰਤੀ ਜਾਵੇ, ਜੋ ਦੇਸ਼ ਲਈ ਨੁਕਸਾਨਦੇਹ ਹਨ।” ਉਸ ਨੇ ਕਿਹਾ, ”ਪੇਪਰ ਲੀਕ ਤੋਂ ਸ਼ੁਰੂ ਹੋਇਆ ਵਿਦਿਆਰਥੀ ਅੰਦੋਲਨ ਸਿੱਖਿਆ ਪ੍ਰਣਾਲੀ ਵਿੱਚ ਇੱਕ ਗਲਤੀ ਨੂੰ ਸੁਧਾਰਨ ਲਈ ਸੀ।” ਹਾਲਾਂਕਿ ਇਹ ਗਲਤ ਲੋਕਾਂ ਦੇ ਹੱਥਾਂ ਵਿੱਚ ਚਲੇ ਗਿਆ। ਉਸ ਨੇ ਅੱਗੇ ਕਿਹਾ ਕਿ ਵਿਦਿਆਰਥੀ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਿਜਾਣਾ ਮਹੱਤਵਪੂਰਨ ਹੈ। ਏ ਬੀ ਵੀ ਪੀ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਵਿਦਿਆਰਥੀ ਊਰਜਾ ਨੂੰ ਰਾਸ਼ਟਰ ਨਿਰਮਾਣ ਦੇ ਕੰਮ ਵੱਲ ਲਿਜਾਣਾ ਚਾਹੀਦਾ ਹੈ। ਲਿਮਏ ਨੇ ਏ ਬੀ ਵੀ ਪੀ ਦੇ ਕਾਰਕੁੰਨਾਂ ਨੂੰ ਪ੍ਰੋਟੈੱਸਟ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਅਪੀਲ ਕਰਦਿਆਂ ਕਿਹਾ, ”ਸੀ ਜੇ ਪੀ ਅੰਦੋਲਨ ਨੂੰ ਇੱਕ ਕੇਸ ਸਟੱਡੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਡੀਕੋਡ ਕੀਤਾ ਜਾਣਾ ਚਾਹੀਦਾ ਹੈ। ਸੀ ਜੇ ਪੀ ਦੇ ਕਾਲਕ੍ਰਮ, ਇਸ ਦੀ ਕਾਰਜਪ੍ਰਣਾਲੀ, ਸਹਾਇਤਾ ਪ੍ਰਣਾਲੀ ਅਤੇ ਵਿਚਾਰਧਾਰਕ ਸਮਰਥਨ ਨੂੰ ਵਿਸਥਾਰ ਵਿੱਚ ਸਮਝਣਾ ਚਾਹੀਦਾ ਹੈ।”
ਉਸ ਨੇ ਦੱਸਿਆ ਕਿ ਸੀ ਜੇ ਪੀ ਨੇਤਾ ਅਭਿਜੀਤ ਦੀਪਕੇ ਨੂੰ ਭਾਰਤ ਵਾਪਸ ਆਉਣ ਅਤੇ ਬਾਅਦ ਵਿੱਚ ਦੇਸ਼ਵਿਆਪੀ ਦੌਰੇ ‘ਤੇ ਸ਼ੁਰੂਆਤੀ ਸਮਰਥਨ ਨਹੀਂ ਮਿਲਿਆ। 20 ਜੂਨ ਤੋਂ ਬਾਅਦ ਪ੍ਰੋਟੈੱਸਟ ਕਾਫੀ ਵਧਿਆ, ਜਿਸ ਵਿੱਚ ਵੱਡੀ ਭੀੜ ਅਤੇ ਸਮਰਥਨ ਪ੍ਰਾਪਤ ਹੋਇਆ। ਦੀਪਕੇ ਦੇ ਆਉਣ ਅਤੇ 20 ਜੂਨ ਦੇ ਵਿਚਕਾਰ ਅਸਲ ਵਿੱਚ ਕੀ ਹੋਇਆ? ਇਸ ਅੰਦੋਲਨ ਦਾ ਰੁਖ ਕੀ ਬਦਲਿਆ ਅਤੇ ਕਿਹੜੀਆਂ ਸਮਰਥਨ ਪ੍ਰਣਾਲੀਆਂ ਇਸ ਵਿੱਚ ਸ਼ਾਮਲ ਹੋਈਆਂ? ਇਨ੍ਹਾਂ ਪਹਿਲੂਆਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ। ਸੀ ਜੇ ਪੀ ਦਾ ਸਮਰਥਨ ਕਰਨ ਵਾਲੇ ਸੰਗਠਨਾਂ ‘ਤੇ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਉਹ ਜ਼ਿਆਦਾਤਰ ਖੱਬੇ ਪੱਖੀ ਵਿਚਾਰਧਾਰਾ ਵੱਲ ਝੁਕਾਅ ਰੱਖਦੇ ਹਨ, ਉਹ ਸੰਗਠਨ ਜੋ ‘ਭਾਰਤ ਤੇਰੇ ਟੁਕੜੇ ਟੁਕੜੇ’ ਦੇ ਨਾਅਰੇ ਲਾਉਂਦੇ ਹਨ। ਲਿਮਏ ਨੇ ਅੱਗੇ ਕਿਹਾ ਕਿ ਅੰਦੋਲਨ ਨੂੰ ਸੱਚਮੁੱਚ ਸਮਝਣ ਲਈ, ਸਿਆਸੀ ਟਿੱਪਣੀਕਾਰ ਯੋਗੇਂਦਰ ਯਾਦਵ ਦੁਆਰਾ ਦਿੱਤੇ ਗਏ ਬਿਆਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਯੋਗੇਂਦਰ ਯਾਦਵ ਨੇ ਕਿਹਾ ਸੀ ਕਿ ਲੋਕਤੰਤਰ ਦਾ ਭਵਿੱਖ ਸੰਸਦ ਵਿੱਚ ਨਹੀਂ ਬਲਕਿ ਸੜਕਾਂ ‘ਤੇ ਹੋਵੇਗਾ, ਅਤੇ ਪ੍ਰੋਟੈੱਸਟ (ਚੋਣਾਂ ਨਹੀਂ) ਦੇਸ਼ ਦੀ ਦਿਸ਼ਾ ਨੂੰ ਪਰਿਭਾਸ਼ਤ ਕਰਨਗੇ। ਇਨ੍ਹਾਂ ਸਾਰੀਆਂ ਟਿੱਪਣੀਆਂ ਨੂੰ ਡੀਕੋਡ ਕੀਤਾ ਜਾਣਾ ਚਾਹੀਦਾ ਹੈ।