ਕਾਂਵੜ ਯਾਤਰਾ ਕਾਰਨ ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ 3 ਤੋਂ 10 ਅਗਸਤ ਅਤੇ ਮੇਰਠ ਜ਼ਿਲ੍ਹਾ ਪ੍ਰਸ਼ਾਸਨ ਨੇ 3 ਤੋਂ 12 ਅਗਸਤ ਤੱਕ ਲਈ ਸਾਰੇ ਸਕੂਲ, ਕਾਲਜ ਅਤੇ ਮਦਰੱਸੇ ਬੰਦ ਕਰ ਦਿੱਤੇ ਹਨ। ਇਹ ਕਦਮ ਇਸ ਲਈ ਚੁੱਕਿਆ ਹੈ ਕਿ ਨਾ ਬੱਚਿਆਂ ਨੂੰ ਤੇ ਨਾ ਹੀ ਕਾਂਵੜ ਯਾਤਰੀਆਂ ਨੂੰ ਰੁਕਾਵਟ ਪੇਸ਼ ਆਵੇ। ਕਿਤੇ ਇਹ ਤਾਂ ਨਹੀਂ ਕਿ ਸਕੂਲ ਅਤੇ ਕਾਲਜ ਇਸ ਕਰਕੇ ਬੰਦ ਕੀਤੇ ਗਏ ਹਨ ਕਿ ਪ੍ਰਸ਼ਾਸਨ ਅਸਿੱਧੇ ਤੌਰ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਾਂਵੜ ਯਾਤਰਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰ ਰਿਹਾ ਹੈ?
ਇਹ ਸਵਾਲ ਥੋੜ੍ਹਾ ਜਿਹਾ ਅਜੀਬ ਲੱਗੇਗਾ, ਪਰ ਇਸ ਦਾ ਇੱਕ ਆਧਾਰ ਜ਼ਰੂਰ ਹੈ। ਸਿਰਫ ਚਾਰ ਸਾਲ ਪਹਿਲਾਂ, ਯੂ ਪੀ ਦੇ ਲਖੀਮਪੁਰ ਖੇੜੀ ਵਿੱਚ ਸਾਵਣ ਮਹੀਨੇ ਦੇ ਹਰ ਸੋਮਵਾਰ ਨੂੰ ਸਕੂਲ ਬੰਦ ਹੁੰਦੇ ਸਨ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਸ਼ਰਧਾਲੂਆਂ ਦੀ ਸੇਵਾ ਕਰਨ ਲਈ ਕਿਹਾ ਜਾਂਦਾ ਸੀ। ਜਦੋਂ ਹੰਗਾਮਾ ਹੋਇਆ ਤਾਂ ਕਿਹਾ ਗਿਆ ਕਿ ਇਹ ਸਵੈਇੱਛਤ ਹੈ। ਹਾਲਾਂਕਿ ਉਨ੍ਹਾਂ ਅਧਿਆਪਕਾਂ ਦੀ ਇੱਕ ਸੂਚੀ ਵੀ ਜਾਰੀ ਕੀਤੀ ਗਈ ਸੀ, ਜਿਨ੍ਹਾਂ ਨੇ ਇਹ ਸੇਵਾ ਕੀਤੀ ਸੀ। ਇਸ ਤੋਂ ਸਪੱਸ਼ਟ ਸੀ ਕਿ ਜਿਨ੍ਹਾਂ ਨੇ ਹਿੱਸਾ ਨਹੀਂ ਸੀ ਲਿਆ, ਉਨ੍ਹਾਂ ਦੇ ਨਾਂਅ ਵੀ ਨੋਟ ਕੀਤੇ ਗਏ ਸਨ।
ਪਿਛਲੇ ਸਾਲਾਂ ਵਿੱਚ ਮੇਰਠ, ਬਦਾਯੂੰ, ਗਾਜ਼ੀਆਬਾਦ, ਮੁਜ਼ੱਫਰਨਗਰ, ਬਰੇਲੀ, ਹਰਿਦੁਆਰ ਅਤੇ ਹਾਪੁੜ ਵਿੱਚ ਕਾਂਵੜ ਯਾਤਰਾ ਦੌਰਾਨ ਸਕੂਲ ਇੱਕ ਹਫਤੇ ਲਈ ਬੰਦ ਰੱਖੇ ਜਾਂਦੇ ਸਨ। ਇੱਕ ਅਜਿਹੇ ਦੇਸ਼ ਵਿੱਚ, ਜਿੱਥੇ ਸੜਕ ‘ਤੇ ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਨਾਲ ਬਹੁਤ ਹੰਗਾਮਾ ਹੁੰਦਾ ਹੈ, ਕਿਉਂਕਿ ਅੱਧਾ ਘੰਟਾ ਵੀ ਆਵਾਜਾਈ ਦੇਸ਼ ਦੀ ਤਰੱਕੀ ਨੂੰ ਰੋਕਦੀ ਹੈ, ਉੱਥੇ ਕਾਂਵੜੀਆਂ ਕਾਰਨ ਸਕੂਲ ਅਤੇ ਕਾਲਜ ਇੱਕ ਹਫਤੇ ਲਈ ਬੰਦ ਰਹਿਣ ਦੀ ਖਬਰ ‘ਤੇ ਚੂੰ ਤੱਕ ਵੀ ਨਹੀਂ ਹੁੰਦੀ। ਸਪੱਸ਼ਟ ਹੈ ਕਿ ਸਿੱਖਿਆ ਹੁਣ ਸਮਾਜ ਦੀ ਤਰਜੀਹੀ ਸੂਚੀ ਵਿੱਚੋਂ ਹੇਠਾਂ ਖਿਸਕ ਰਹੀ ਹੈ। ਕੀ ਸਕੂਲ ਅਤੇ ਕਾਲਜ ਹੁਣ ਸਿੱਖਿਆ ਲਈ ਅਪ੍ਰਸੰਗਕ ਹੋ ਗਏ ਹਨ?
ਆਰ ਐੱਸ ਐੱਸ (ਰਾਸ਼ਟਰੀ ਸਵੈਮ ਸੇਵਕ ਸੰਘ) ਸਕੂਲ ਅਤੇ ਕਾਲਜ ਬੰਦ ਕਰਨ ਦੀ ਮੰਗ ਨਹੀਂ ਕਰ ਰਿਹਾ। ਇਸ ਲਈ, ਇਸ ‘ਤੇ ਦੋਸ਼ ਲਗਾਉਣਾ ਕਾਨੂੰਨ ਦੇ ਤਹਿਤ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਉਂਜ ਹੀ ਜਿਵੇਂ ਬਾਬਰੀ ਮਸਜਿਦ ਢਾਹੁਣ ਜਾਂ ਗਾਂਧੀ ਦੀ ਹੱਤਿਆ ਦਾ ਦੋਸ਼ ਲਾਉਣ ‘ਤੇ ਇਸ ਦੇ ਮੈਂਬਰ ਅਦਾਲਤ ਜਾਣ ਦੀ ਧਮਕੀ ਦੇਣ ਲੱਗਦੇ ਹਨ, ਪਰ ਕੀ ਇਸ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਯੂ ਪੀ ਤੇ ਉੱਤਰਾਖੰਡ ਵਿੱਚ ਆਰ ਐੱਸ ਐੱਸ ਦੀ ਸੰਸਦੀ ਪਾਰਟੀ ਦੀ ਹੀ ਸਰਕਾਰ ਹੈ? ਸ਼ਾਸਕੀ ਨੈਤਿਕਤਾ ਹੁਣ ਸੰਵਿਧਾਨਕ ਨਹੀਂ, ਸਗੋਂ ਆਰ ਐੱਸ ਐੱਸ ਦੀ ਨੈਤਿਕਤਾ ਹੈ। ਉਸੇ ਮੁਤਾਬਕ ਸਾਰੇ ਪ੍ਰਸ਼ਾਸਕੀ ਫੈਸਲੇ ਲਏ ਜਾਂਦੇ ਹਨ।
ਅੱਜ ਲੱਗਭੱਗ ਸਾਰੇ ਵਿੱਦਿਅਕ ਅਦਾਰਿਆਂ ‘ਤੇ ਆਰ ਐੱਸ ਐੱਸ ਦਾ ਕਬਜ਼ਾ ਹੈ। ਉਸ ਦੇ ਕੰਟਰੋਲ ਵਾਲੇ ਇਨ੍ਹਾਂ ਅਦਾਰਿਆਂ ਵਿੱਚ ਵਿਦਿਆਰਥੀ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਗਿਆ ਨਹੀਂ ਹੈ। ਇਹ ਧਰਮ ਹੈ-ਸਵਾਲ ਕਰਨ ਦੀ ਆਜ਼ਾਦੀ, ਆਪਣਾ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਤੇ ਆਪਣੇ ਸ਼ੌਕ ਮੁਤਾਬਕ ਕੰਮ ਕਰਨ ਦੀ ਆਜ਼ਾਦੀ। ਪਿਛਲੇ 12 ਸਾਲਾਂ ਵਿੱਚ ਹੌਲੀ-ਹੌਲੀ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਤੇ ਖੋਜ ਅਦਾਰਿਆਂ ਵਿੱਚ ਅਜਿਹੇ ਵਾਈਸ ਚਾਂਸਲਰ ਤੇ ਡਾਇਰੈਕਟਰ ਫਿੱਟ ਕਰ ਦਿੱਤੇ ਗਏ ਹਨ, ਜਿਹੜੇ ਜਾਂ ਤਾਂ ਆਰ ਐੱਸ ਐੱਸ ਦੀ ਵਿਚਾਰਧਾਰਾ ਵਾਲੇ ਹਨ ਜਾਂ ਉਸ ਦੇ ਜੀ ਹਜ਼ੂਰੀਏ ਹਨ। ਹੌਲੀ-ਹੌਲੀ ਵਿੱਦਿਅਕ ਅਦਾਰੇ ਆਰ ਐੱਸ ਐੱਸ ਵੱਲੋਂ ਸੰਚਾਲਤ ਸਰਸਵਤੀ ਸ਼ਿਸ਼ੂ ਮੰਦਰਾਂ ਦੇ ਸੰਸਕਰਣ ਬਣਦੇ ਜਾ ਰਹੇ ਹਨ। ਸ਼ਿਸ਼ੂ ਮੰਦਰਾਂ ਵਿੱਚ ਬਾਲ ਮਨਾਂ ਨੂੰ ਹਿੰਦੂਤਵਵਾਦੀ ਸਾਂਚੇ ਵਿੱਚ ਢਾਲਿਆ ਜਾਂਦਾ ਹੈ। ਇਸ ਤਰ੍ਹਾਂ ਉਹ ਆਜ਼ਾਦ ਤੌਰ ‘ਤੇ ਸੋਚਣ ਦੀ ਸਮਰੱਥਾ ਗੁਆ ਬੈਠਦੇ ਹਨ। ਉਨ੍ਹਾਂ ਦੇ ਦਿਮਾਗ ਪਿਲਪਿਲੇ ਹੋ ਜਾਂਦੇ ਹਨ। ਜਿਨ੍ਹਾਂ ਨੂੰ ਇਸ ਜਾਲ ਵਿੱਚੋਂ ਨਿਕਲਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਏਨੇ ਸਾਲ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਉਹ ਸਹੀ ਮਾਅਨਿਆਂ ਵਿੱਚ ਸਿੱਖਿਆ ਪ੍ਰਾਪਤ ਨਹੀਂ ਸਨ ਕਰ ਰਹੇ। ਉਨ੍ਹਾਂ ਨੂੰ ਨਫਰਤ ਦੇ ਹਿੰਦੂਤਵਾਵਾਦੀ ਵਿਚਾਰ ਦੇ ਟੀਕੇ ਲਾਏ ਜਾਂਦੇ ਰਹੇ।
ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਆਰ ਐੱਸ ਐੱਸ ਨੌਜਵਾਨਾਂ ਨੂੰ ਵਿਦਿਆਰਥੀ ਨਹੀਂ ਬਣਨ ਦੇ ਰਿਹਾ। ਇਸ ਬਿਆਨ ਨੂੰ ਅਖਬਾਰਾਂ ਨੇ ਖਾਸ ਥਾਂ ਨਹੀਂ ਦਿੱਤੀ। ਲੋਕਾਂ ਨੇ ਆਮ ਕਰਕੇ ਇਸ ਨੂੰ ਅਣਸੁਣਿਆ ਕਰ ਦਿੱਤਾ, ਕਿਉਂਕਿ ਉਹ ਇਸ ਦੀ ਸੱਚਾਈ ਤੇ ਮਹੱਤਵ ਨੂੰ ਨਹੀਂ ਸਮਝ ਸਕੇ। ਕਾਂਵੜ ਯਾਤਰਾ ਦੌਰਾਨ ਸਕੂਲ-ਕਾਲਜ ਬੰਦ ਕਰਨ ਨਾਲ ਸ਼ਾਇਦ ਲੋਕਾਂ ਨੂੰ ਸਮਝ ਆ ਜਾਵੇ ਕਿ ਆਰ ਐੱਸ ਐੱਸ ਦੀ ਵਿਚਾਰਧਾਰਾ ਲਾਗੂ ਕਰਨ ਵਾਲੀਆਂ ਯੂ ਪੀ ਤੇ ਉੱਤਰਾਖੰਡ ਦੀਆਂ ਸਰਕਾਰਾਂ ਬੱਚਿਆਂ ਨੂੰ ਛੁੱਟੀਆਂ ਕਿਉਂ ਦਿੰਦੀਆਂ ਹਨ।



