ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੰਗਲਵਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ‘ਚ ਸਾਬਕਾ ਸੀਨੀਅਰ ਅਫ਼ਸਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਈ ਡੀ ਦੀ ਟੀਮ ਨੇ ਕੁਝ ਦਿਨਾਂ ਦੀ ਖ਼ਾਮੋਸ਼ੀ ਮਗਰੋਂ ਮੰਗਲਵਾਰ ਪੰਜਾਬ ਸਮਾਲ ਸਕੇਲ ਇੰਡਸਟਰੀਅਲ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਇੱਕ ਸਾਬਕਾ ਚੀਫ਼ ਜਨਰਲ ਮੈਨੇਜਰ, ਇੱਕ ਕਾਰਜਕਾਰੀ ਨਿਰਦੇਸ਼ਕ ਤੇ ਇੱਕ ਸਾਬਕਾ ਜਨਰਲ ਮੈਨੇਜਰ ਦੇ ਘਰਾਂ ‘ਤੇ ਛਾਪੇ ਮਾਰੇ। ਈ ਡੀ ਟੀਮ ਨੇ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਤੋਂ ਰਿਕਾਰਡ ਵੀ ਤਲਬ ਕੀਤਾ ਹੈ।
ਲੋਕ ਭਾਜਪਾ ਤੋਂ ਅੱਕ ਚੁੱਕੇ : ਪ੍ਰਿਅੰਕਾ
ਨਵੀਂ ਦਿੱਲੀ : ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਬਿਹਾਰ ਦੀ ਬਾਂਕੀਪੁਰ ਸੀਟ ਦੀ ਉਪ ਚੋਣ ਵਿੱਚ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਉਣ ‘ਤੇ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ‘ਇਹ ਸਪੱਸ਼ਟ ਹੈ ਕਿ ਲੋਕ ਭਾਜਪਾ ਤੋਂ ਥੱਕ ਚੁੱਕੇ ਹਨ ਅਤੇ ਤੰਗ ਆ ਚੁੱਕੇ ਹਨ। ਉਹ ਹੁਣ ਸਮਝ ਰਹੇ ਹਨ ਕਿ ਦੇਸ਼ ਵਿੱਚ ਕੀ ਹੋ ਰਿਹਾ ਹੈ।’ ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਅੰਕਾ ਨੇ ਇਹ ਵੀ ਕਿਹਾ, ‘ਇਹ ਤਾਂ ਸ਼ੁਰੂਆਤ ਹੈ।’
ਨੌਜਵਾਨਾਂ ਨੇ ਮਜਬੂਰ ਕੀਤਾ…
ਸਾਂਭਾਜੀ ਨਗਰ : ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੇ ਮੁੰਬਈ ਵਿੱਚ 6 ਅਗਸਤ ਨੂੰ ਜਨਰਲ ਜ਼ੀ ਅਤੇ ਜਨਰਲ ਅਲਫਾ ਦੇ ਵਿਦਿਆਰਥੀਆਂ ਨਾਲ ਪ੍ਰਸਤਾਵਤ ਸੰਵਾਦ ਨੂੰ ਚੰਗੀ ਗੱਲ ਦੱਸਦਿਆਂ ਕਿਹਾ ਕਿ ਇਸ ਲਈ ਨੌਜਵਾਨਾਂ ਨੇ ਮਜਬੂਰ ਕੀਤਾ ਹੈ।
ਬਾਪੂ ਆਸਾ ਰਾਮ ਨੂੰ 20 ਦਿਨਾਂ ਦੀ ਪੈਰੋਲ
ਜੋਧਪੁਰ : ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ 2013 ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾ ਰਾਮ ਨੂੰ 20 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ। ਅਦਾਲਤ ਨੇ ਆਖਿਆ ਹੈ ਕਿ ਰਾਜ ਸਰਕਾਰ ਉਸ ਦੀ ਪੈਰੋਲ ਅਰਜ਼ੀ ਨੂੰ ਰੱਦ ਕਰਨ ਦੇ ਆਪਣੇ ਫ਼ੈਸਲੇ ਨੂੰ ਸਹੀ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਸੰਜੀਤ ਪੁਰੋਹਿਤ ਦੇ ਬੈਂਚ ਨੇ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ 85 ਸਾਲਾ ਆਸਾ ਰਾਮ ਨੂੰ ਉਸ ਦੀ ਕੈਦ ਦੀ ਮਿਆਦ ਅਤੇ ਪਹਿਲਾਂ ਮਿਲੀ ਅੰਤ੍ਰਿਮ ਰਿਹਾਈ ਦੌਰਾਨ ਉਸ ਦੇ ਚੰਗੇ ਚਾਲ-ਚਲਣ ਨੂੰ ਦੇਖਦਿਆਂ ਇਹ ਰਾਹਤ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਆਸਾ ਰਾਮ ਪਹਿਲਾਂ ਹੀ 13 ਸਾਲ, 1 ਮਹੀਨਾ ਅਤੇ 24 ਦਿਨਾਂ ਦੀ ਕੈਦ ਕੱਟ ਚੁੱਕਾ ਹੈ।




