ਡਾਬਰ ਦੀ 100 ਫੀਸਦੀ ਸ਼ੁੱਧਤਾ ਸਵਾਲਾਂ ‘ਚ

0
9

ਨਵੀਂ ਦਿੱਲੀ : ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ ‘ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (ਫਸਾਈ) ਨੇ ਡਾਬਰ ਇੰਡੀਆ ਲਿਮਟਿਡ ‘ਤੇ ਵੱਡਾ ਸ਼ਿਕੰਜਾ ਕੱਸਿਆ ਹੈ। ਅਥਾਰਟੀ ਨੇ ਕੰਪਨੀ ਵੱਲੋਂ ਆਪਣੇ ਉਤਪਾਦਾਂ ‘ਤੇ ‘100 ਫੀਸਦੀ’ ਸ਼ੁੱਧਤਾ ਦੇ ਅਸਪੱਸ਼ਟ ਅਤੇ ਗੁਮਰਾਹਕੁੰਨ ਦਾਅਵੇ ਕਰਨ ਦੇ ਮਾਮਲੇ ਵਿੱਚ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਅਜਿਹੇ ਖਾਧ ਪਦਾਰਥਾਂ ਦੀ ਵਿਕਰੀ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਫਸਾਈ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਡਾਬਰ ਦੀ ਵੈੱਬਸਾਈਟ ‘ਤੇ ਵੇਚੇ ਜਾ ਰਹੇ ਕਈ ਉਤਪਾਦਾਂ ‘ਤੇ 100 ਫੀਸਦੀ ਨੈਚੁਰਲ, 100 ਫੀਸਦੀ ਪਿਓਰ, 100 ਫੀਸਦੀ ਪਿਓਰਟੀ ਗਾਰੰਟੀਡ, 100 ਫੀਸਦੀ ਔਰਗੈਨਿਕ ਅਤੇ 100 ਫੀਸਦੀ ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਮੁਤਾਬਕ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਜ਼ (ਐਡਵਰਟਾਈਜ਼ਿੰਗ ਐਂਡ ਕਲੇਮਜ਼) ਰੈਗੂਲੇਸ਼ਨਜ਼, 2018 ਦੇ ਨਿਯਮਾਂ ਦੀ ਉਲੰਘਣਾ ਹਨ, ਕਿਉਂਕਿ ਇਹ ਅਸਪੱਸ਼ਟ, ਅਪ੍ਰਮਾਣਿਤ ਹਨ ਅਤੇ ਖਰੀਦਦਾਰਾਂ ਨੂੰ ਗੁੰਮਰਾਹ ਕਰ ਸਕਦੇ ਹਨ। ਰੈਗੂਲੇਟਰ ਨੇ ਇਹ ਵੀ ਕਿਹਾ ਕਿ ‘ਡਾਬਰ ਹਿਮਾਲਅਨ ਔਰਗੈਨਿਕ ਐਪਲ ਸਾਈਡਰ ਵਿਨੇਗਰ’ ਅਤੇ ‘ਡਾਬਰ ਔਰਗੈਨਿਕ ਹਨੀ’ ਉੱਤੇ ਬਿਨਾਂ ਮਾਨਤਾ ਪ੍ਰਾਪਤ ਸਫਾਈ ਔਰਗੈਨਿਕ ਐਂਡੋਰਸਮੈਂਟ ਦੇ ਜੈਵਿਕ ਭਾਰਤ ਦਾ ਲੋਗੋ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ 100 ਫੀਸਦੀ ਸ਼ੁੱਧਤਾ ਦੇ ਦਾਅਵੇ ਨਾਲ ਵੇਚਿਆ ਜਾ ਰਿਹਾ ਸੀ, ਜਦ ਕਿ ਮਿਸ਼ਰਤ ਖਾਧ ਪਦਾਰਥਾਂ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨਨ ਮਨਾਹੀ ਹੈ।