ਭਿੱਖੀਵਿੰਡ/ਖਾਲੜਾ (ਲਖਵਿੰਦਰ ਗੋਲਣ, ਰਣਬੀਰ ਸਿੰਘ ਗੋਲਣ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਦਿੱਲੀ ‘ਚ ਪਹਿਲੀ ਸਤੰਬਰ ਨੂੰ ਕੁੱਲ ਹਿੰਦ ਪੱਧਰ ਦੀ ਮਹਾਂ ਰੈਲੀ ਨੂੰ ਕਾਮਯਾਬ ਕਰਨ ਅਤੇ ਰੈਲੀ ਦੇ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਜਾਣ ਲਈ ਪੈਦਲ ਯਾਤਰਾ ਭਾਵ ਜਥਾ ਮਾਰਚ ਦੇਸ਼ ਭਰ ਵਿੱਚ ਹੋ ਰਿਹਾ ਹੈ। ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਅਤੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ ਕੋਠੀ ਨੇ ਕਿਹਾ ਕਿ ਇਹ ਜਥਾ ਮਾਰਚ ਭਿੱਖੀਵਿੰਡ ਬਲਾਕ ਵਿੱਚ 7 ਅਗਸਤ ਤੋਂ ਚੱਲੇਗਾ।ਜਥੇ ਦਾ ਕਾਫ਼ਲਾ ਭਿੱਖੀਵਿੰਡ ਤੋਂ ਚੱਲ ਕੇ ਮਿਰਚਾਂ ਦੀ ਮਸ਼ਹੂਰ ਮੰਡੀ ਖਾਲੜਾ, ਇਤਿਹਾਸਕ ਪਿੰਡ ਮਾੜੀ ਕੰਬੋਕੀ, ਅਲਗੋਂ ਖੁਰਦ ਅਤੇ ਅਲਗੋਂ ਕੋਠੀ ਦੇ ਬਾਜ਼ਾਰ ਵਿੱਚ ਮਾਰਚ ਕਰਨ ਤੋਂ ਬਾਅਦ ਸਮਾਪਤ ਹੋਵੇਗਾ। ਜਥਾ ਮੰਗ ਕਰੇਗਾ ਕਿ ਕੇਂਦਰ ਸਰਕਾਰ ਹਿੰਦੁਸਤਾਨ ਦੇ ਸੰਵਿਧਾਨ ਨਾਲ ਛੇੜਛਾੜ ਕਰਨੀ ਬੰਦ ਕਰੇ। ਸਰਕਾਰ ਦੇਸ਼ ਵਿੱਚ ਵਸ ਰਹੇ ਘੱਟ ਗਿਣਤੀਆਂ ਦੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਵੇ। ਵਿਦਿਆਰਥੀਆਂ ਦੇ ਸਿਲੇਬਸ ਵਿੱਚੋਂ ਧਰਮ ਨਿਰਪੱਖ ਅਤੇ ਦੇਸ਼ ਭਗਤੀ ਵਾਲੇ ਕੱਢੇ ਚੈਪਟਰ ਮੁੜ ਸਿਲੇਬਸ ਵਿੱਚ ਪਾਏ । ਆਰ ਅੱੈਸ ਐੱਸ ਦੀ ਫਿਰਕੂ ਸੋਚ ‘ਤੇ ਪਾਬੰਦੀ ਲਾਈ ਜਾਵੇ। ਨਰੇਗਾ ਕਾਨੂੰਨ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਦੇ ਦਰਿਆਵਾਂ ਦੇ ਪਾਣੀ ‘ਤੇ ਸਿਰਫ ਪੰਜਾਬ ਦਾ ਹੱਕ ਹੈ ਅਤੇ ਪਾਣੀ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਬਣਦਾ ਹਿੱਸਾ ਬਹਾਲ ਕੀਤਾ ਜਾਵੇ। ਜਥਾ ਮਾਰਚ ਦੀ ਅਗਵਾਈ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਟਹਿਲ ਸਿੰਘ ਲੱਧੂ, ਪੰਜਾਬ ਇਸਤਰੀ ਸਭਾ ਦੀ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸੁਖਦੇਵ ਸਿੰਘ ਕਾਲਾ, ਸੀ ਪੀ ਆਈ ਦੇ ਬਲਾਕ ਮੀਤ ਸਕੱਤਰ ਜਸਵੰਤ ਸਿੰਘ ਸੂਰਵਿੰਡ ਅਤੇ ਕਿਸਾਨ ਆਗੂ ਰਛਪਾਲ ਸਿੰਘ ਬਾਠ ਕਰਨਗੇ।




