ਪਟਨਾ (ਨ ਜ਼ ਸ)
ਪੇਪਰ ਲੀਕ ਨੂੰ ਲੈ ਕੇ ਰਾਜਵਿਆਪੀ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਵਿਦਿਆਰਥੀਆਂ ਦੀ ਰਿਹਾਈ ਅਤੇ ਉਨ੍ਹਾਂ ਵਿਰੁੱਧ ਦਰਜ ਅਪਰਾਧਕ ਮਾਮਲੇ ਵਾਪਸ ਕਰਾਉਣ ਲਈ ਮੰਗਲਵਾਰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਨਿਵਾਸ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਤੇ ਨੌਜਵਾਨਾਂ ‘ਤੇ ਪੁਲਸ ਨੇ ਤਾਕਤ ਦੀ ਵਰਤੋਂ ਕੀਤੀ ਤੇ ਜਲ-ਤੋਪਾਂ ਚਲਾਈਆਂ। ਪਿਛਲੇ ਮਹੀਨੇ 25 ਤਰੀਕ ਨੂੰ ਤੱਤਕਾਲੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਈ ਬੁਲਾਏ ਗਏ ਬੰਦ ਦੌਰਾਨ ਲਗਭਗ 600 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਮਾਰਚ ਵਿੱਚ ਏ ਆਈ ਐੱਸ ਐੱਫ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ, ਯੂਥ ਕਾਂਗਰਸ, ਐੱਸ ਐੱਫ ਆਈ, ਡੀ ਵਾਈ ਐੱਫ ਆਈ, ਏ ਆਈ ਡੀ ਐੱਸ ਓ, ਛਾਤਰ ਰਾਜਦ, ਛਾਤਰ ਯੁਵਾ ਸੰਘਰਸ਼ ਮੋਰਚਾ, ਦੀ ਗ੍ਰੇਟ ਭੀਮ ਆਰਮੀ, ਸੋਸ਼ਲ ਜਸਟਿਸ ਆਰਮੀ, ਏ ਆਈ ਡੀ ਐੱਸ ਓ, ਦੀ ਸੋਸ਼ਲਿਸਟਸ ਅਤੇ ਏ ਆਈ ਡੀ ਵਾਈ ਓ ਦੇ ਮੈਂਬਰ ਰਾਜ ਦੇ ਗ੍ਰਹਿ ਵਿਭਾਗ ਨੇ ਏ ਆਈ ਐੱਸ ਏ ਦੀ ਪ੍ਰਧਾਨ ਨੇਹਾ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਡੀ ਜੀ ਪੀ ਵਿਨੈ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਵਿਦਿਆਰਥੀਆਂ ਵਿਰੁੱਧ ਸਾਰੇ ਕੇਸ ਵਾਪਸ ਲੈ ਲੈਣ ਅਤੇ ਜੇਲ੍ਹਾਂ ਵਿੱਚ ਬੰਦ ਵਿਦਿਆਰਥੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਪਰ ਉਸ ਨੂੰ ਲਾਗੂ ਨਹੀਂ ਕੀਤਾ।
ਇਨਕਮ ਟੈਕਸ ਚੌਕ ‘ਤੇ ਪੁਲਸ ਅਤੇ ਵਿਦਿਆਰਥੀਆਂ ਵਿਚਕਾਰ ਝੜਪ ਹੋ ਗਈ, ਜਦੋਂ ਵਿਦਿਆਰਥੀ ਬੈਰੀਕੇਡ ਤੋੜ ਕੇ ਅੱਗੇ ਵਧਣ ਲੱਗੇ। ਪੁਲਸ ਨੇ ਵਿਦਿਆਰਥੀਆਂ ‘ਤੇ ਜਲ-ਤੋਪਾਂ ਦੀ ਵਰਤੋਂ ਕੀਤੀ। ਵਿਦਿਆਰਥੀ ਜਲ-ਤੋਪਾਂ ‘ਤੇ ਨੱਚਣ ਲੱਗ ਪਏ। ਕੁਝ ਵਿਦਿਆਰਥੀ ਸੜਕ ‘ਤੇ ਬੈਠ ਗਏ। ਪ੍ਰੋਟੈੱਸਟ ਦੌਰਾਨ ਐੱਨ ਐੱਸ ਯੂ ਆਈ ਦੇ ਕੌਮੀ ਪ੍ਰਧਾਨ ਵਿਨੋਦ ਜਾਖੜ ਵੀ ਸੜਕ ‘ਤੇ ਲੇਟ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜੇਸ਼ ਰਾਮ ਨੂੰ ਵਿਦਿਆਰਥੀਆਂ ਨਾਲ ਬੈਰੀਕੇਡਾਂ ‘ਤੇ ਚੜ੍ਹਦੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਦੇਖਿਆ ਗਿਆ।
ਇਸ ਤੋਂ ਪਹਿਲਾਂ ਪੁਲਸ ਨੇ ਜੇ ਪੀ ਗੋਲੰਬਰ ਦੇ ਨੇੜੇ ਦੇ ਇਲਾਕੇ ਨੂੰ ਬੈਰੀਕੇਡ ਕੀਤਾ ਸੀ। ਵਿਦਿਆਰਥੀ ਬੈਰੀਕੇਡਾਂ ‘ਤੇ ਚੜ੍ਹ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ।
ਗਾਂਧੀ ਮੈਦਾਨ ਵਿੱਚ ਇੱਕ ਪ੍ਰਦਰਸ਼ਨਕਾਰੀਆਂ ਨੇ ਕਿਹਾ, ‘ਅਸੀਂ ਉਨ੍ਹਾਂ ਲੋਕਾਂ ਦੀ ਇੱਕ ਪੁਖਤਾ ਸੂਚੀ ਚਾਹੁੰਦੇ ਹਾਂ, ਜਿਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ ਅਤੇ ਜੋ ਪ੍ਰਦਰਸ਼ਨਾਂ ਦੌਰਾਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ।’ ਇੱਕ ਹੋਰ ਪ੍ਰਦਰਸ਼ਨਕਾਰੀ ਨੇ ਚੀਕ ਕੇ ਕਿਹਾ, ‘ਸਾਡੇ ਬਹੁਤ ਸਾਰੇ ਦੋਸਤ ਅਜੇ ਘਰ ਨਹੀਂ ਪਰਤੇ। ਪੁਲਸ ਝੂਠ ਬੋਲ ਰਹੀ ਹੈ। ਅਸੀਂ ਆਪਣੇ ਦੋਸਤਾਂ ਬਾਰੇ ਚਿੰਤਤ ਹਾਂ।’ ਸੀਵਾਨ ਦੇ ਇੱਕ ਹੋਰ ਕਾਰਕੁਨ ਨੇ ਕਿਹਾ, ‘ਮੈਂ ਉਸ ਜ਼ਿਲ੍ਹੇ ਤੋਂ ਹਾਂ, ਜਿੱਥੇ ਇੱਕ ਪੁਲਸ ਕਰਮਚਾਰੀ ਨੇ ਏ ਕੇ 47 ਰਾਈਫਲ ਨਾਲ ਵਿਦਿਆਰਥੀਆਂ ‘ਤੇ ਗੋਲੀਬਾਰੀ ਕੀਤੀ ਸੀ। ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਅਸੀਂ ਐੱਸ ਪੀ ਵਿਰੁੱਧ ਵੀ ਕਾਰਵਾਈ ਦੀ ਮੰਗ ਕਰਦੇ ਹਾਂ, ਜੋ ਆਪਣੇ ਅਧੀਨ ਅਧਿਕਾਰੀਆਂ ਨੂੰ ਭੜਕਾਉਣ ਲਈ ਜ਼ਿੰਮੇਵਾਰ ਹੈ।’ ਇੱਕ ਹੋਰ ਵਿਦਿਆਰਥੀ ਨੇ ਕਿਹਾ, ‘ਮੀਡੀਆ ਸਾਡੀਆਂ ਮੰਗਾਂ ਨਹੀਂ ਚੁੱਕਦਾ। ਸੜਕ ‘ਤੇ ਖੜ੍ਹੇ ਵਿਦਿਆਰਥੀ ਗਰਮੀ ਵਿੱਚ ਮਰ ਰਹੇ ਹਨ। ਅਸੀਂ ਦਿੱਖ, ਕੰਮ ਜਾਂ ਪੇਸ਼ੇ ਤੋਂ ਅੱਤਵਾਦੀ ਨਹੀਂ ਹਾਂ। ਫਿਰ ਵੀ, ਸਾਡੀਆਂ ਆਵਾਜ਼ਾਂ ਨਹੀਂ ਸੁਣੀਆਂ ਜਾ ਰਹੀਆਂ। ਕਿਰਪਾ ਕਰਕੇ ਸਾਨੂੰ ਦੱਸੋ ਕਿ ਸਾਡੀਆਂ ਆਵਾਜ਼ਾਂ ਕਿੱਥੇ ਸੁਣੀਆਂ ਜਾਣਗੀਆਂ।’
ਪੂਰਨੀਆ ਦੇ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਵੀ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਹੋਏ। ਉਨ੍ਹਾ ਕਿਹਾ, ‘ਵਿਦਿਆਰਥੀਆਂ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਕੁਝ ਨਹੀਂ ਕੀਤਾ ਗਿਆ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਅਸਤੀਫਾ ਨਹੀਂ ਦਿੰਦੇ।’





