ਰੰਜਿਸ਼ ਕਾਰਨ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

0
9

ਲੁਧਿਆਣਾ : ਇੱਥੋਂ ਦੇ ਟਿੱਬਾ ਰੋਡ ‘ਤੇ ਸਥਿਤ ਸੁਤੰਤਰ ਨਗਰ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (24) ਵਜੋਂ ਹੋਈ ਹੈ। ਘਟਨਾ ਵੇਲੇ ਉਹ ਇਲਾਕੇ ਵਿੱਚ ਹੀ ਮੌਜੂਦ ਸੀ, ਜਦੋਂ ਕਾਰ ਵਿੱਚ ਆਏ ਵਿਰੋਧੀ ਧਿਰ ਦੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਰਜਿੰਦਰ ਸਿੰਘ ਆਪਣੇ ਦੋਸਤ ਦੀ ਐਕਟਿਵਾ ਵਾਪਸ ਮੋੜਨ ਗਿਆ ਸੀ, ਜਿੱਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਗੋਲੀਬਾਰੀ ਦੌਰਾਨ ਹਰਜਿੰਦਰ ਸਿੰਘ ਦੇ ਸਰੀਰ ‘ਤੇ ਪੰਜ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਸੜਕ ‘ਤੇ ਹੀ ਡਿੱਗ ਪਿਆ। ਉਸ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਸੀ ਐੱਮ ਸੀ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।