ਵਾਸ਼ਿੰਗਟਨ : ਯੂ ਐੱਸ ਸੈਨੇਟ ਨੇ ਰੂਸ ਅਤੇ ਇਸ ਦੇ ਪੈਟਰੋਲੀਅਮ ਉਤਪਾਦਾਂ ਦੇ ਮੁੱਖ ਖਰੀਦਦਾਰਾਂ, ਜਿਵੇਂ ਕਿ ਚੀਨ ਅਤੇ ਭਾਰਤ ਨੂੰ ਸਜ਼ਾ ਦੇਣ ਲਈ ਇੱਕ ਬਿੱਲ ਨੂੰ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਜਿਹਾ ਵਪਾਰ ਯੂਕਰੇਨ ਦੀ ਜੰਗ ਨੂੰ ਭੜਕਾਉਣ ਵਿੱਚ ਮਦਦ ਕਰਦਾ ਹੈ। ਇਸ ਬਿੱਲ ਦਾ ਨਾਂਅ ਬਦਲ ਕੇ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ ਆਫ਼ 2026’ ਰੱਖ ਦਿੱਤਾ ਗਿਆ ਹੈ ਅਤੇ ਸੈਨੇਟ ਨੇ 86-11 ਵੋਟਾਂ ਨਾਲ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇਸ਼ਾਂ ਦੇ ਸਮਾਨ ‘ਤੇ 100 ਫੀਸਦੀ ਟੈਰਿਫ ਲਗਾਉਣ ਦੀ ਇਜਾਜ਼ਤ ਦਿੰਦਾ ਹੈ, ਜੋ ਰੂਸੀ ਤੇਲ ਅਤੇ ਗੈਸ ਦੇ ਚੋਟੀ ਦੇ ਪੰਜ ਦਰਾਮਦਕਾਰ ਹਨ। ਫਿਲਹਾਲ ਚੀਨ, ਭਾਰਤ, ਅਜ਼ਰਬਾਈਜਾਨ, ਹੰਗਰੀ ਅਤੇ ਸਲੋਵਾਕੀਆ ਰੂਸ ਤੋਂ ਤੇਲ ਅਤੇ ਗੈਸ ਦੇ ਚੋਟੀ ਦੇ ਪੰਜ ਦਰਾਮਦਕਾਰ ਹਨ। ਰੂਸ ਦੀਆਂ ਪਾਬੰਦੀਆਂ ਤੋਂ ਇਲਾਵਾ ਇਹ ਬਿੱਲ 1996 ਦੇ ਈਰਾਨ ਸੈਂਕਸ਼ਨਜ਼ ਐਕਟ ਦੀ ਮਿਆਦ ਨੂੰ 2031 ਤੱਕ ਵਧਾ ਦੇਵੇਗਾ, ਜੋ ਕਿ ਈਰਾਨ ਦੇ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਸਜ਼ਾ ਦਿੰਦਾ ਹੈ। ਇਸ ਦੋ-ਪੱਖੀ ਬਿੱਲ ਦੀ ਹਮਾਇਤ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ, ਜਿਨ੍ਹਾ ਦਾ 11 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ ਅਤੇ ਡੈਮੋਕ੍ਰੇਟ ਰਿਚਰਡ ਬਲੂਮੈਂਥਲ ਨੇ ਕੀਤੀ ਸੀ। ਕੀਵ ਦੇ ਦੌਰੇ ਤੋਂ ਬਾਅਦ ਗ੍ਰਾਹਮ ਦੀ ਅਚਾਨਕ ਮੌਤ ਤੋਂ ਬਾਅਦ ਸਦਨ ਦੇ ਨੇਤਾਵਾਂ ਨੇ ਯੂਕਰੇਨ ਦੇ ਸਹਿਯੋਗੀ ਵਜੋਂ ਮਰਹੂਮ ਸੈਨੇਟਰ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਬਿੱਲ ਦੀ ਪਾਸ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਨਵੇਂ ਜੋਸ਼ ਨਾਲ ਕੰਮ ਕੀਤਾ। ਇਹ ਰੂਸੀ ਨੇਤਾਵਾਂ ਅਤੇ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾਉਣ ਦੀ ਵੀ ਮੰਗ ਕਰਦਾ ਹੈ, ਜਿਸ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕੁਲੀਨ ਵਰਗ (ਉਲੀਗਾਰਕਸ) ਅਤੇ ਵਿੱਤੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵੋਟਿੰਗ ਤੋਂ ਬਾਅਦ ਸੈਨੇਟਰ ਬਲੂਮੈਂਥਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਾਹਮ ਨੂੰ ਸਾਡੇ ਵੱਲੋਂ ਕੀਤੇ ਗਏ ਕੰਮ ‘ਤੇ ਮਾਣ ਹੋਵੇਗਾ। ਬਲੂਮੈਂਥਲ ਨੇ ਕਿਹਾ ਕਿ ਇਹ ਹਥੌੜੇ ਵਰਗੀਆਂ ਪਾਬੰਦੀਆਂ ਅਤੇ ਟੈਰਿਫ ਉਨ੍ਹਾਂ ਸਾਰਿਆਂ ਨੂੰ ਰੋਕ ਦੇਣਗੇ, ਜੋ ਬਹਾਦਰ ਆਜ਼ਾਦ ਲੋਕਾਂ ਵਿਰੁੱਧ ਇਸ ਕਾਤਲਾਨਾ, ਅਪਰਾਧਿਕ ਹਮਲਾਵਰ ਜੰਗ ਵਿੱਚ ਸ਼ਾਮਲ ਹਨ। ਕੁਝ ਡੈਮੋਕ੍ਰੇਟਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਬਿੱਲ ਟਰੰਪ ਨੂੰ ਉਸ ਸਮੇਂ ਨਵੀਆਂ ਟੈਰਿਫ ਸ਼ਕਤੀਆਂ ਦੇਵੇਗਾ, ਜਦੋਂ ਉਨ੍ਹਾਂ ਅਜਿਹੇ ਟੈਰਿਫਾਂ ਨੂੰ ਆਪਣੀ ਵਪਾਰਕ ਨੀਤੀ ਦੇ ਕੇਂਦਰ ਵਿੱਚ ਰੱਖਿਆ ਹੈ। ਇਹ ਬਿੱਲ ਹੁਣ 31 ਅਗਸਤ ਨੂੰ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਪ੍ਰਵਾਨਗੀ ਲਈ ਪ੍ਰਤੀਨਿਧ ਸਭਾ (ਹਾਊਸ ਆਫ਼ ਰੀਪ੍ਰਜ਼ੈਂਟੇਟਿਵਜ਼) ਵਿੱਚ ਜਾਵੇਗਾ।




