ਨੌਜਵਾਨਾਂ ਨੂੰ ‘ਬਾਹਰੀ ਤਾਕਤਾਂ’ ਤੋਂ ਬਚਣ ਦਾ ਉਪਦੇਸ਼

0
10

ਭੁਬਨੇਸ਼ਵਰ (ਨ ਜ਼ ਸ) ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਐਤਵਾਰ ਜਨਰਲ ਜ਼ੈੱਡ ਨੂੰ ਚੇਤਾਵਨੀ ਦਿੱਤੀ ਕਿ ਉਹ ਬਾਹਰੀ ਤਾਕਤਾਂ ਦਾ ਸ਼ਿਕਾਰ ਨਾ ਹੋਣ, ਜੋ ਉਨ੍ਹਾਂ ਨੂੰ ਗੁੰਮਰਾਹ ਕਰਨ ਅਤੇ ਭਾਰਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਰਾਜ ਪੱਧਰੀ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਬਾਹਰੀ ਤਾਕਤਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਭਗਤ ਹਨ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਹਨ। ਮਾਝੀ ਨੇ ਕਿਹਾ, ‘ਮੈਂ ਜਨਰਲ ਜ਼ੈੱਡ ਨੂੰ ਸੱਦਾ ਦਿੰਦਾ ਹਾਂ ਕਿ ਉਹ ਬਾਹਰੀ ਤਾਕਤਾਂ ਅਤੇ ਅਦਿੱਖ ਦੁਸ਼ਮਣਾਂ ਤੋਂ ਸੁਚੇਤ ਰਹਿਣ, ਜੋ ਵਿਦੇਸ਼ੀ ਧਰਤੀ ਤੋਂ ਕੰਮ ਕਰਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਡਿਜੀਟਲ ਯੁੱਗ ਵਿੱਚ ਨੌਜਵਾਨਾਂ ਨੂੰ ਬਾਹਰੀ ਤਾਕਤਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ, ਪਰ ਇਹ ਅਦਿੱਖ ਤਾਕਤਾਂ ਕਦੇ ਵੀ ਆਪਣੇ ਟੀਚਿਆਂ ਵਿੱਚ ਸਫਲ ਨਹੀਂ ਹੋਣਗੀਆਂ। ਮੇਰਾ ਸੁਝਾਅ ਹੈ ਕਿ ਨੌਜਵਾਨ ਦੇਸ਼ ਭਗਤੀ ਨੂੰ ਤਰਜੀਹ ਦੇਣ। ਨੌਜਵਾਨਾਂ ਦੀ ਇੱਕੋ-ਇੱਕ ਆਵਾਜ਼ ਹੈ—ਸਾਡਾ ਦੇਸ਼ ਸੁਰੱਖਿਅਤ ਰਹੇਗਾ!’ ਉਸ ਨੇ ਦਾਅਵਾ ਕੀਤਾ ਕਿ ਕੁਝ ਬਾਹਰੀ ਤਾਕਤਾਂ ਡਿਜੀਟਲ ਮੀਡੀਆ ਮੁਹਿੰਮਾਂ ਰਾਹੀਂ ਜਨਰਲ ਜ਼ੈੱਡ ਨੂੰ ਗੁੰਮਰਾਹ ਕਰਨ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਅੱਜ ਦੇ ਨੌਜਵਾਨਾਂ ਨੂੰ ਅਜਿਹੀਆਂ ਤਾਕਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਲਈ ਕੰਮ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ, ‘ਕੋਈ ਵੀ ਬਾਹਰੀ ਤਾਕਤ ਭਾਰਤ ਦੇ ਨੌਜਵਾਨਾਂ ਨੂੰ ਕਮਜ਼ੋਰ ਨਹੀਂ ਕਰ ਸਕਦੀ। ਅੱਜ ਦੀ ਤਿਰੰਗਾ ਯਾਤਰਾ ਦਾ ਉਦੇਸ਼ ਇੱਕਜੁੱਟ ਰਹਿਣਾ ਅਤੇ ਬਾਹਰੀ ਤਾਕਤਾਂ ਨੂੰ ਢੁਕਵਾਂ ਜਵਾਬ ਦੇਣਾ ਹੈ।’ ਉਸ ਨੇ ਨੌਜਵਾਨਾਂ ਨੂੰ ਭਾਰਤ ਦਾ ਭਵਿੱਖ ਦੱਸਿਆ, ਜੋ ਦੇਸ਼ ਨੂੰ ਵਿਸ਼ਵਗੁਰੂ ਵਜੋਂ ਵਿਕਸਤ ਕਰਨਗੇ।