ਭਾਗਵਤ ਦੇ ਕੈਨੇਡਾ ਦੌਰੇ ਦਾ ਵਿਰੋਧ ਤੇਜ਼

0
5

ਓਟਾਵਾ (ਨ ਜ਼ ਸ)
ਦੋ ਕੈਨੇਡੀਅਨ ਸੰਸਦ ਮੈਂਬਰਾਂ ਨੇ ਆਰ ਅੱੈਸ ਐੱਸ ਮੁਖੀ ਮੋਹਨ ਭਾਗਵਤ ਦੀ ਫੇਰੀ ਦੇ ਖਿਲਾਫ ਕੈਨੇਡਾ ‘ਚ ਹੋ ਰਹੇ ਵਿਰੋਧ ਵਿੱਚ ਸ਼ਾਮਲ ਹੁੰਦਿਆਂ ਮਾਰਕ ਕਾਰਨੀ ਸਰਕਾਰ ਨੂੰ ਉਸ ਨੂੰ ਅਯੋਗ ਐਲਾਨਣ ਅਤੇ ਉਸ ਦੀ ਅਗਵਾਈ ਵਾਲੇ ਸੰਗਠਨ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। ਜਨਤਕ ਸੁਰੱਖਿਆ, ਵਿਦੇਸ਼ ਮਾਮਲਿਆਂ ਅਤੇ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀਆਂ ਨੂੰ ਇੱਕ ਖੁੱਲ੍ਹੇ ਪੱਤਰ ਵਿੱਚ, ਸੰਸਦ ਮੈਂਬਰ ਹੀਥਰ ਮੈਕਫਰਸਨ ਅਤੇ ਜੈਨੀ ਕਵਾਨ ਨੇ ਕਿਹਾ, ‘ਕੈਨੇਡਾ ਵਿੱਚ ਭਾਗਵਤ ਦੀ ਮੌਜੂਦਗੀ ਕੈਨੇਡੀਅਨਾਂ ਲਈ ਖਤਰਾ ਹੋਵੇਗੀ। ਉਸ ਦਾ ਇੱਥੇ ਸਵਾਗਤ ਨਹੀਂ। ਹੁਣ ਸਮਾਂ ਆ ਗਿਆ ਹੈ ਕਿ ਆਰ ਐੱਸ ਐੱਸ ਅਤੇ ਇਸ ਦੇ ਮੈਂਬਰਾਂ ‘ਚ ਕੈਨੇਡਾ ‘ਚ ਪਾਬੰਦੀ ਲਗਾਈ ਜਾਵੇ।’
ਭਾਗਵਤ ਨੇ ਇਸ ਮਹੀਨੇ ਦੇ ਅੰਤ ਵਿੱਚ ਆਰ ਐੱਸ ਐੱਸ ਦੇ ਸ਼ਤਾਬਦੀ ਸਾਲ ਵਿੱਚ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਅਮਰੀਕਾ, ਕੈਨੇਡਾ ਅਤੇ ਯੂ ਕੇ ਦੀ ਯਾਤਰਾ ਕਰਨੀ ਹੈ। ਦੋਵੇਂ ਕੈਨੇਡੀਅਨ ਸੰਸਦ ਮੈਂਬਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ, ਜਿਸ ਦੀ ਅਗਵਾਈ ਹਾਲ ਹੀ ਤੱਕ ਜਗਮੀਤ ਸਿੰਘ ਕਰ ਰਹੇ ਸਨ, ਜਿਸ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਉਸ ਦੇ ਸਟੈਂਡ ਅਤੇ ਖਾਲਿਸਤਾਨੀ ਸਰਗਰਮੀ ਨਾਲ ਜੁੜੇ ਹੋਣ ਕਾਰਨ 2013 ਵਿੱਚ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਹਫਤੇ ਦੇ ਸ਼ੁਰੂ ਵਿੱਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ‘ਜਸਟਿਸ ਫਾਰ ਆਲ ਕੈਨੇਡਾ’ ਨੇ 267 ਕੈਨੇਡੀਅਨ ਸਿਵਲ ਸੁਸਾਇਟੀ ਸੰਗਠਨਾਂ, ਮਨੁੱਖੀ ਅਧਿਕਾਰਾਂ ਦੇ ਵਕੀਲਾਂ, ਭਾਈਚਾਰੇ ਅਤੇ ਧਾਰਮਕ ਆਗੂਆਂ ਦੀ ਤਰਫੋਂ ਪ੍ਰਧਾਨ ਮੰਤਰੀ ਕਾਰਨੀ ਅਤੇ ਉਨ੍ਹਾ ਦੇ ਕਈ ਮੰਤਰੀਆਂ ਨੂੰ ਪੱਤਰ ਲਿਖ ਕੇ ਸਰਕਾਰ ਨੂੰ ਭਾਗਵਤ ਦੀ ਪ੍ਰਵਾਨਗੀ ਦੀ ਤੁਰੰਤ ਸਮੀਖਿਆ ਕਰਨ ਅਤੇ ਅੰਤ ਵਿੱਚ ਉਸ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨ ਦੀ ਅਪੀਲ ਕੀਤੀ ਸੀ। ਇਹ ਸਪੱਸ਼ਟ ਕਰਦੇ ਹੋਏ ਕਿ ਉਨ੍ਹਾਂ ਦੀ ਮੁਹਿੰਮ ਆਰ ਅੱੈਸ ਐੱਸ ਅਤੇ ਹਿੰਦੂਤਵ ਰਾਜਨੀਤੀ ‘ਤੇ ਸੇਧਤ ਹੈ, ਹਿੰਦੂ ਧਰਮ ਜਾਂ ਹਿੰਦੂ ਕੈਨੇਡੀਅਨਾਂ ‘ਤੇ ਨਹੀਂ, ਪੱਤਰ ਵਿੱਚ ਕਿਹਾ ਗਿਆ ਹੈ, ਜਦੋਂ ਕਿ ਆਰ ਐੱਸ ਅੱੈਸ ਆਪਣੇ ਆਪ ਨੂੰ ਇੱਕ ਸੱਭਿਆਚਾਰਕ ਅਤੇ ਸਮਾਜਕ ਸੰਗਠਨ ਵਜੋਂ ਪੇਸ਼ ਕਰਦਾ ਹੈ, ਇਸ ਦੀ ਵਿਚਾਰਧਾਰਕ ਬੁਨਿਆਦ ਅਤੇ ਮੌਜੂਦਾ ਅਭਿਆਸਾਂ ਨੇ ਮਨੁੱਖੀ ਅਧਿਕਾਰ ਸੰਗਠਨਾਂ ਵਿੱਚ ਘੱਟ ਗਿਣਤੀਆਂ ਪ੍ਰਤੀ ਇਸ ਦੀ ਦੁਸ਼ਮਣੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਟੂਰ ਦੇ ਪ੍ਰਬੰਧਕਾਂ ਨੇ ਜਨਤਕ ਤੌਰ ‘ਤੇ ਇਸ ਦੇ ਉਦੇਸ਼ ਨੂੰ ਆਰ ਅੱੈਸ ਐੱਸ ਪ੍ਰਤੀ ਕੌਮਾਂਤਰੀ ਧਾਰਨਾਵਾਂ ਨੂੰ ਸੰਬੋਧਤ ਕਰਨ ਵਜੋਂ ਦਰਸਾਇਆ ਹੈ, ਜੋ ਸੰਗਠਨ ਦੀ ਵਾਜਬੀਅਤ ਅਤੇ ਪ੍ਰਭਾਵ ਨੂੰ ਮਜ਼ਬੂਤ ਕਰਨ ਲਈ ਇੱਕ ਤਾਲਮੇਲ ਵਾਲੇ ਯਤਨ ਨੂੰ ਦਰਸਾਉਂਦਾ ਹੈ।