ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ

0
3

ਕਿਸ਼ਨਗੜ੍ਹ/ਜਲੰਧਰ (ਸੁਖਜੀਤ ਕੁਮਾਰ/ ਇਕਬਾਲ ਸਿੰਘ ਉੱੰਭੀ, ਸੁਰਿੰਦਰ ਕੁਮਾਰ,
ਸ਼ੈਲੀ ਐਲਬਰਟ)
ਐਤਵਾਰ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂਅ ਉੱਪਰ ਬਣ ਰਹੇ ਅਧਿਐਨ ਕੇਂਦਰ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਪਦਮਸ੍ਰੀ ਨਿਰੰਜਨ ਦਾਸ ਮਹਾਰਾਜ ਅਤੇ ਸਮੁੱਚੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਡੇਰਿਆਂ ਨਾਲ ਸੰਬੰਧਤ ਸੰਤਾਂ-ਮਹਾਂਪੁਰਸ਼ਾਂ ਵੱਲੋਂ ਰੱਖਿਆ ਗਿਆ। ਮੁੱਖ ਮੰਤਰੀ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਅਤੇ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਅਸ਼ੀਰਵਾਦ ਲੈਣ ਉਪਰੰਤ ਉਨ੍ਹਾ ਦੇ ਨਾਲ ਅਧਿਐਨ ਕੇਂਦਰ ਸਥਾਨ ‘ਤੇ ਪਹੁੰਚੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੰਤ-ਮਹਾਂਪੁਰਸ਼ਾਂ ਨਾਲ ਨੀਂਹ ਪੱਥਰ ਰੱਖਿਆ! ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਵੱਲੋਂ ਮੁੱਖ ਮੰਤਰੀ ਮਾਨ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਅਤੇ ਲੋਈ ਭੇਟ ਕੀਤੀ ਗਈ। ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਮੁੱਖ ਮੰਤਰੀ ਮਾਨ, ਸੰਤ ਨਿਰੰਜਨ ਦਾਸ ਸਮੇਤ ਸਮੁੱਚੇ ਸਾਧੂ ਸਮਾਜ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650 ਸਾਲਾ ਗੁਰਪੁਰਬ ਮਨਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਉਲੀਕੇ ਹੋਏ ਕਾਰਜਾਂ ਬਾਰੇ ਚਾਨਣਾ ਪਾਇਆ ਗਿਆ!
ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ। ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਆਵੇਗੀ, ਜਿਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ‘ਤੇ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ‘ਤੇ ਖਰਚ ਕੀਤੇ ਗਏ ਹਨ, ਜਦੋਂ ਕਿ ਇਸ ਦੀ ਉਸਾਰੀ ਲਈ ਲੋੜੀਂਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾਵੇਗਾ।ਇਸ ਕੇਂਦਰ ਵਿੱਚ ਇੱਕ ਤਿੰਨ-ਮੰਜ਼ਲਾ ਪ੍ਰਸ਼ਾਸਨਿਕ ਅਤੇ ਅਧਿਆਪਨ (ਐਡਮਿਨ ਤੇ ਟੀਚਿੰਗ) ਬਲਾਕ, ਲੜਕੇ ਅਤੇ ਲੜਕੀਆਂ ਲਈ ਤਿੰਨ-ਮੰਜ਼ਲਾ ਹੋਸਟਲ (ਹਰੇਕ ਹੋਸਟਲ ਵਿੱਚ 54 ਵਿਦਿਆਰਥੀਆਂ ਦੇ ਰਹਿਣ ਦੀ ਸਹੂਲਤ) ਅਤੇ ਅਧਿਆਪਕਾਂ ਅਤੇ ਸਟਾਫ਼ ਲਈ ਦੋ-ਮੰਜ਼ਲਾ ਇਮਾਰਤ ਹੋਵੇਗੀ। ਇਹ ਕੇਂਦਰ ਬੱਚਿਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ, ਫਲਸਫੇ ਅਤੇ ਸਿੱਖਿਆਵਾਂ ਦਾ ਅਧਿਐਨ ਕਰਨ ਲਈ ਵਿਸ਼ੇਸ਼ ਸਥਾਨ ਪ੍ਰਦਾਨ ਕਰੇਗਾ ਅਤੇ ਅਜਿਹੀ ਖੋਜ ਨੂੰ ਉਤਸ਼ਾਹਤ ਕਰੇਗਾ, ਜੋ ਉਨ੍ਹਾਂ ਦੇ ਗਿਆਨ ਅਤੇ ਸੰਦੇਸ਼ ਦੇ ਪ੍ਰਕਾਸ਼ ਨੂੰ ਦੁਨੀਆ ਭਰ ਵਿੱਚ ਫੈਲਾਏ।ਇਸ ਮੌਕੇ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650 ਵੇਂ ਗੁਰਪੁਰਬ ਨੂੰ ਵੱਡੇ ਪੱਧਰ ਉਪਰ ਮਨਾਉਣ ਲਈ 100 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਸਰਕਾਰ ਵੱਲੋਂ 23 ਜ਼ਿਲ੍ਹਿਆਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਫਲਸਫੇ ਤੇ ਡਾਕੂਮੈਂਟਰੀ ਫਿਲਮਾਂ ਪਿੰਡ-ਪਿੰਡ ਵੈਨਾਂ ਭੇਜ ਕੇ ਦਿਖਾਈਆਂ ਜਾ ਰਹੀਆਂ ਹਨ। ਮਾਨ ਨੇ ਕਿਹਾ, “’ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਮੈਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਏਨੇ ਵੱਡੇ ਪੱਧਰ ‘ਤੇ ਮਨਾਉਣ ਦਾ ਸੁਭਾਗ ਮਿਲਿਆ ਹੈ। ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਬੇਮਿਸਾਲ ਢੰਗ ਨਾਲ ਮਨਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਗੁਰੂ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫੈਲਾਉਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਹਰ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਸਮਾਨਤਾਵਾਦੀ ਸਮਾਜ ਦੀ ਕਲਪਨਾ ਕੀਤੀ ਸੀ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਲ ਭਰ ਚੱਲਣ ਵਾਲੇ ਸਮਾਗਮ ਉਲੀਕੇ ਗਏ ਹਨ।’”
ਸੰਤ ਸਮਾਜ ਨਾਲ ਹੋਈ ਗੱਲਬਾਤ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “’ਮੈਂ ਖੁਦ ਨੂੰ ਵਡਭਾਗਾ ਸਮਝਦਾ ਹਾਂ ਕਿ ਮੈਨੂੰ ਪਦਮਸ੍ਰੀ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ, ਜਿਨ੍ਹਾ ਨੂੰ ਹਾਲ ਹੀ ਵਿੱਚ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ ਹੈ।’
ਇਸ ਮੌਕੇ ਨਿਰੰਜਨ ਦਾਸ ਮਹਾਰਾਜ, ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਸਰਵਣ ਦਾਸ ਬੋਹਣ ਪੱਟੀ, ਸੰਤ ਨਿਰਮਲ ਦਾਸ ਬਾਬਾ ਜੌੜੇ, ਸੰਤ ਪ੍ਰਗਟ ਨਾਥ, ਸੰਤ ਮਹਿੰਦਰ ਪਾਲ ਪੰਡਵਾਂ ਫਗਵਾੜਾ, ਸੰਤ ਸੁਰਿੰਦਰ ਦਾਸ ਖੁਰਾਲਗੜ੍ਹ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਤੇਜਾ ਸਿੰਘ ਟਾਂਡਾ, ਸੰਤ ਕੇਵਲ ਸਿੰਘ ਖੁਰਾਲਗੜ੍ਹ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਲੇਖ ਰਾਜ ਨੂਰਪੁਰ ਵਾਲੇ, ਸੰਤ ਬਲਰਾਮ ਬੂਟਾ ਮੰਡੀ, ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈ ਟੀ ਓ, ਡਾ. ਰਵਜੋਤ ਸਿੰਘ ਮੈਂਬਰ ਪਾਰਲੀਮੈਂਟ, ਰਾਜ ਕੁਮਾਰ ਚੱਬੇਵਾਲ, ਮਹਿੰਦਰ ਭਗਤ, ਵਿਧਾਇਕ ਡਾ. ਈਸ਼ਾਂਕ ਕੁਮਾਰ, ਲਾਲ ਚੰਦ ਕਟਾਰੂ ਚੱਕ, ਹਲਕਾ ਆਦਮਪੁਰ ਇੰਚਾਰਜ ਪਵਨ ਕੁਮਾਰ ਟੀਨੂੰ, ਵਿਧਾਇਕ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਇੰਦਰਜੀਤ ਕੌਰ ਮਾਨ ਨਕੋਦਰ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਤੇ ਮੇਅਰ ਜਲੰਧਰ ਵਨੀਤ ਧੀਰ ਵੀ ਮੌਜੂਦ ਸਨ।