ਰਾਂਚੀ (ਨ ਜ਼ ਸ)-ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ ‘ਚ ਕਥਿਤ ਗੜਬੜੀਆਂ ਵਿਰੁੱਧ ਸੋਮਵਾਰ ਰੋਸ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਨੌਕਰੀ ਦੇ ਉਮੀਦਵਾਰਾਂ ਦੀ ਸੋਮਵਾਰ ਪੁਲਸ ਨਾਲ ਝੜਪ ਹੋ ਗਈ। ਉਨ੍ਹਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਸੂਬੇ ਦੀ ਵਿਧਾਨ ਸਭਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਜਿੱਥੇ ਸੈਸ਼ਨ ਚੱਲ ਰਿਹਾ ਹੈ।
ਪੁਲਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ, ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਝਾਰਖੰਡ ਪੁਲਸ ਨੇ ਲਾਠੀਚਾਰਜ ਵੀ ਕੀਤਾ। ਪੁਲਸ ਪ੍ਰਸ਼ਾਸਨ ਨੇ ਕੰਡਿਆਲੀ ਤਾਰਾਂ ਦੀਆਂ ਕਈ ਪਰਤਾਂ ਵੀ ਖੜ੍ਹੀਆਂ ਕੀਤੀਆਂ ਹੋਈਆਂ ਸਨ। ਕਈ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਨਵੇਂ ਵਿਧਾਨ ਸਭਾ ਕੰਪਲੈਕਸ ਵੱਲ ਜਾਣ ਵਾਲੀ ਸੜਕ ‘ਤੇ ਜਗਨਨਾਥਪੁਰ ਮੰਦਰ ਕੋਲ ਆਖਰੀ ਬੈਰੀਕੇਡ ਤੱਕ ਪਹੁੰਚਣ ਤੋਂ ਬਾਅਦ ਪੁਲਸ ਦੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਏ। ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇ ਪੀ ਐੱਸ ਸੀ) ਅਤੇ ਝਾਰਖੰਡ ਕਰਮਚਾਰੀ ਚੋਣ ਆਯੋਗ ਵੱਲੋਂ ਆਯੋਜਤ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਵਿਰੁੱਧ ਵਿਦਿਆਰਥੀਆਂ ਦੇ ਅੰਦੋਲਨ ਦਾ 17ਵਾਂ ਦਿਨ ਸੀ।
ਇਸੇ ਦੌਰਾਨ ਝਾਰਖੰਡ ਸੀ ਆਈ ਡੀ ਨੇ ਜੇ ਪੀ ਐੱਸ ਸੀ ਦੇ ਸਾਬਕਾ ਚੇਅਰਪਰਸਨ ਐੱਲ ਖਿਆਂਗਤੇ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨਾਲ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 20 ਹੋ ਗਈ ਹੈ।

