ਲੁਧਿਆਣਾ : ਚੋਰ ਅਤੇ ਲੁਟੇਰੇ ਐਨੇ ਬੇਖੌਫ਼ ਹੋ ਗਏ ਹਨ ਕਿ ਹੁਣ ਵੀ ਆਈ ਪੀ ਇਲਾਕੇ ਵੀ ਸੁਰੱਖਿਅਤ ਨਹੀਂ ਹਨ। ਚੋਰਾਂ ਨੇ ਇੱਕ ਜੱਜ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਇਹ ਘਟਨਾ ਲੁਧਿਆਣਾ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਵਿੱਚੋਂ ਇੱਕ ਸਰਾਭਾ ਨਗਰ ਵਿੱਚ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਇੱਕ ਜੱਜ ਦੇ ਘਰੋਂ ਰਸੋਈ ਗੈਸ ਦਾ ਸਿਲੰਡਰ ਚੋਰੀ ਹੋ ਗਿਆ। ਇਹ ਘਟਨਾ ਜੇ ਐੱਮ ਆਈ ਸੀ ਗੌਰਵ ਗੁਪਤਾ ਦੇ ਘਰ ਵਾਪਰੀ ਹੈ। ਸੀ ਆਰ ਪੀ ਐੱਫ ਕਲੋਨੀ, ਦੁੱਗਰੀ ਦੇ ਰਹਿਣ ਵਾਲੇ ਸ਼ੰਕਰ ਸਿੰਘ, ਜੋ ਜੱਜ ਦੇ ਘਰ ਰਸੋਈਏ ਵਜੋਂ ਕੰਮ ਕਰਦਾ ਹੈ, ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਸ਼ਾਮ ਕਰੀਬ 4 ਵਜੇ, ਜਦੋਂ ਉਹ ਟਿਊਸ਼ਨ ਟੀਚਰ ਲਈ ਚਾਹ ਬਣਾਉਣ ਗਿਆ ਤਾਂ ਗੈਸ ਸਿਲੰਡਰ ਨਹੀਂ ਚੱਲਿਆ। ਜਦੋਂ ਉਸ ਨੇ ਜਾਂਚ ਕੀਤੀ ਤਾਂ ਸਿਲੰਡਰ ਗਾਇਬ ਸੀ।
ਘਰ ਦੀ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਅਣਪਛਾਤਾ ਵਿਅਕਤੀ ਦੁਪਹਿਰ ਕਰੀਬ 3:22 ਵਜੇ ਮੁੱਖ ਗੇਟ ਰਾਹੀਂ ਘਰ ਵਿੱਚ ਦਾਖਲ ਹੋਇਆ। ਉਸ ਨੇ ਅਰਾਮ ਨਾਲ ਗੈਸ ਸਿਲੰਡਰ ਚੁੱਕਿਆ, ਇਸ ਨੂੰ ਆਪਣੇ ਚਿੱਟੇ ਰੰਗ ਦੇ ਐਕਟਿਵਾ ਉੱਤੇ ਰੱਖਿਆ ਅਤੇ ਫ਼ਰਾਰ ਹੋ ਗਿਆ।




