ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਮਸਲੇ ‘ਤੇ ਵਫ਼ਦ ਵਿਧਾਇਕ ਨੂੰ ਮਿਲਿਆ

0
5

ਸ਼ਾਹਕੋਟ (ਗਿਆਨ ਸੈਦਪੁਰੀ)
ਪਾਸ਼-ਹੰਸਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਅੰਦਰ ਯਾਦਗਾਰ ਦੇ ਗੇਟ ਦੇ ਤਾਲੇ ਤੋੜ ਕੇ ਝੂਲੇ-ਭੰਗੂੜੇ ਲਾਉਣ ਖ਼ਿਲਾਫ਼ ਲੋਕਾਂ ਵਿਚ ਫੈਲੇ ਤਿੱਖੇ ਰੋਸ ਸਬੰਧੀ ਵੀਰਵਾਰ ਜਨਤਕ ਵਫ਼ਦ ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਮਿਲਿਆ।ਵਫ਼ਦ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਦਖਲ ਦੇ ਕੇ ਤੁਰੰਤ ਯਾਦਗਾਰ ਦਾ ਪਹਿਲਾ ਸਰੂਪ ਬਹਾਲ ਕਰੇ ਅਤੇ ਇਸ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਲਈ ਹਰ ਪੱਖੋਂ ਭਵਿੱਖ ਵਿੱਚ ਯਕੀਨੀ ਬਣਾਇਆ ਜਾਵੇ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਜਾਗੀਰ ਜੋਸਨ, ਉੱਘੇ ਚਿੰਤਕ ਸਤਨਾਮ ਚਾਨਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਗਿਆਨ ਸੈਦਪੁਰੀ, ਐਡਵੋਕੇਟ ਸੁਰਿੰਦਰ ਖੀਵਾ, ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਕੁਲਦੀਪ ਸਿੰਘ ਅਤੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਨਕੋਦਰ ਦੇ ਮੈਂਬਰ ਹਰਮੇਸ਼ ਮਾਲੜੀ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਅਵਤਾਰ ਪਾਸ਼ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਵੀ ਸਨ, ਜਿਹਨਾ ਦੀ ਕਵਿਤਾ ਭਾਰਤ ਦੀਆਂ ਬਹੁ-ਭਾਸ਼ਾਵਾਂ ਵਿਚ ਅਨੁਵਾਦ ਹੋਈ ਹੈ। ਉਹਨਾ ਕਿਹਾ ਕਿ ਨਾ ਕਿ ਪਾਸ਼ ਇਕੱਲੇ ਕਵੀ ਸਨ, ਉਹ ਉਚ ਕੋਟੀ ਦੇ ਵਿਦਵਾਨ ਸਨ ਅਤੇ ਉਨ੍ਹਾਂ ਹੋਰ ਵਿਸ਼ਿਆਂ ‘ਤੇ ਵੀ ਕਿਤਾਬਾਂ ਲਿਖੀਆਂ, ਅੱਜ ਪੂਰੇ ਸੰਸਾਰ ਭਰ ਵਿੱਚ ਉਹਨਾਂ ਨੂੰ ਜਾਣਿਆ ਤੇ ਪੜ੍ਹਿਆ ਜਾ ਰਿਹਾ ਹੈ ।ਉਹਨਾ ਕਿਹਾ ਕਿ ਪਾਸ਼ ਅਤੇ ਹੰਸ ਰਾਜ ਦੀ 23 ਮਾਰਚ 1988 ‘ਚ ਹੋਈ ਸ਼ਹਾਦਤ ਤੋਂ ਲੈ ਕੇ ਹੁਣ ਤੱਕ ਨਗਰ ਤਲਵੰਡੀ ਸਲੇਮ ਦੇ ਲੋਕ ਅਤੇ ਇਲਾਕੇ ਭਰ ਦੇ ਅਗਾਂਹਵਧੂ ਲੋਕ ਅਤੇ ਇਨਕਲਾਬੀ ਜਥੇਬੰਦੀਆਂ ਸ਼ਹੀਦੀ ਸਮਾਗਮ ਮਨਾਉਂਦੀਆਂ ਆ ਰਹੀਆਂ ਹਨ । ਪਾਸ਼ ਦੀ ਇਸ ਪ੍ਰਸਿੱਧੀ ਕਾਰਨ ਹੀ ਉਹਨਾਂ ਦੀ ਯਾਦ ਵਿੱਚ ਬਣੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਸੰਨ 2000 ਵਿੱਚ, ਨਗਰ ਨਿਵਾਸੀਆਂ ਅਤੇ ਪੰਚਾਇਤ ਵੱਲੋਂ ਦਿੱਤੀ ਜਗ੍ਹਾ ਉਪਰ ਯਾਦਗਾਰੀ ਕੰਪਲੈਕਸ ਉਸਾਰਿਆ ਗਿਆ, ਜਿਸ ਦੀ ਹੁਣ ਤੱਕ ਦੇਖਭਾਲ ਟਰੱਸਟ ਵਲੋਂ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਤੋਂ ਇਸੇ ਕੰਪਲੈਕਸ ਵਿਖੇ ਸਮਾਗਮ ਹੁੰਦੇ ਹਨ, ਜਿਥੇ ਪੂਰਾ ਨਗਰ ਸਹਿਯੋਗ ਦਿੰਦਾ ਹੈ, ਪਰ ਮੌਜੂਦਾ ਸਰਪੰਚ ਅਤੇ ਉਸ ਦੇ ਕੁਝ ਹਮਾਇਤੀਆਂ ਵੱਲੋਂ ਹੁਣ ਯਾਦਗਾਰ ਦੇ ਤਾਲੇ ਤੋੜ ਕੇ ਅੰਦਰ ਝੂਲੇ ਅਤੇ ਪੀਂਘਾਂ ਪਾਈਆਂ ਗਈਆਂ ਹਨ, ਜੋ ਯਾਦਗਾਰ ‘ਤੇ ਕਬਜ਼ਾ ਕਰਨ ਦੀ ਖੋਟੀ ਨੀਅਤ ਹੈ ਅਤੇ ਸ਼ਹੀਦੀ ਯਾਦਗਾਰ ਦੀ ਬੇਹੁਰਮਤੀ ਹੈ।ਬੀਬੀ ਇੰਦਰਜੀਤ ਕੌਰ ਮਾਨ ਵਲੋਂ ਸਾਰਾ ਮਸਲਾ ਸੁਣਨ ਤੋਂ ਬਾਅਦ ਇਸ ਨੂੰ ਯਾਦਗਾਰ ਦੀ ਮਾਣ-ਮਰਿਆਦਾ ਅਨੁਸਾਰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।