ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ : ਮਾਨ

0
5

ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁੱਕਰਵਾਰ ਹੈਬੋਵਾਲ ਵਿਖੇ 65 ਕਰੋੜ ਰੁਪਏ ਦੀ ਲਾਗਤ ਵਾਲੇ ਕੰਪ੍ਰੈਸਡ ਬਾਇਓ-ਗੈਸ (ਸੀ ਬੀ ਜੀ) ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਨਾਲ ਬੁੱਢੇ ਨਾਲੇ ਵਿੱਚ ਕੂੜਾ-ਕਰਕਟ ਦਾਖਲ ਹੋਣ ਨੂੰ ਰੋਕਿਆ ਜਾਵੇਗਾ ਅਤੇ ਇਸ ਨਾਲ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਇਹ ਪਲਾਂਟ ਸੀਵਰੇਜ ਦੇ ਜਾਮ ਹੋਣ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਘਟਾਉਣ ਵਿੱਚ ਵੀ ਮਦਦ ਕਰੇਗਾ। ਇਹ ਪ੍ਰੋਜੈਕਟ 2.5 ਏਕੜ ਵਿੱਚ ਬਣਾਇਆ ਜਾ ਰਿਹਾ ਹੈ ਅਤੇ ਸਤੰਬਰ 2027 ਤੱਕ ਇਸ ਦੇ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ। ਇਸ ਪਲਾਂਟ ਵਿੱਚ ‘’ਵੇਸਟ-ਟੂ-ਵੈਲਥ’’ ਮਿਸ਼ਨ ਤਹਿਤ ਡੇਅਰੀ ਕੰਪਲੈਕਸ ਤੋਂ ਰੋਜ਼ਾਨਾ ਪੈਦਾ ਹੋਣ ਵਾਲੇ 300 ਟਨ ਪਸ਼ੂਆਂ ਦੇ ਗੋਬਰ ਨੂੰ ਵਿਗਿਆਨਕ ਢੰਗ ਨਾਲ ਪ੍ਰੋਸੈਸ ਕੀਤਾ ਜਾਵੇਗਾ ਅਤੇ 435 ਡੇਅਰੀ ਮਾਲਕਾਂ ਨੂੰ ਸਿੱਧੇ ਤੌਰ ‘’ਤੇ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਲਾਂਟ ਰੋਜ਼ਾਨਾ ਲੱਗਭੱਗ ਪੰਜ ਟਨ ਸੀ ਬੀ ਜੀ ਅਤੇ ਜੈਵਿਕ ਬਾਇਓ-ਖਾਦ ਪੈਦਾ ਕਰੇਗਾ। ਉਨ੍ਹਾ ਕਿਹਾ ਕਿ ਸਾਫ਼-ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਦੂਸ਼ਣ ਘਟਾਉਣ ਲਈ ਸੂਬੇ ਭਰ ਵਿੱਚ ਅਜਿਹੇ ਹੋਰ ਪਲਾਂਟ ਸਥਾਪਤ ਕੀਤੇ ਜਾਣਗੇ।
ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ, “”ਮੈਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ। ਇਹ ਪਹਿਲਕਦਮੀ ਬੁੱਢੇ ਨਾਲੇ ਦੇ ਪੁਨਰ ਸੁਰਜੀਤੀ ਪ੍ਰੋਗਰਾਮ ਤਹਿਤ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗੀ।”
ਮਾਨ ਨੇ ਕਿਹਾ, ”ਪਿਛਲੀਆਂ ਸਰਕਾਰਾਂ ਸਿਰਫ਼ ਅਜਿਹੇ ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੀਆਂ ਰਹੀਆਂ, ਪਰ ਵਿਕਾਸ ਲਈ ਪੈਸੇ ਖਰਚਣ ਦੀ ਬਜਾਏ, ਉਨ੍ਹਾਂ ਨੇ ਇਸ ਪੈਸੇ ਨੂੰ ਆਪਣੀ ਜੇਬ ਵਿੱਚ ਪਾ ਲਿਆ ਜਿਸ ਨਾਲ ਸੂਬੇ ਦੇ ਵਿਕਾਸ ਨੂੰ ਠੱਲ੍ਹ ਪੈ ਗਈ। ਆਮ ਆਦਮੀ ਪਾਰਟੀ 2027 ਵਿੱਚ ਦੁਬਾਰਾ ਸਰਕਾਰ ਬਣਾਏਗੀ ਅਤੇ ਵਿਰੋਧੀ ਧਿਰ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ।”
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਦੀਪ ਸਿੰਘ ਮੁੰਡੀਆਂ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਪਤਵੰਤੇ ਮੌਜੂਦ ਸਨ।