ਭਗਤ-ਸਰਾਭਾ ਵਰਗੇ ਕ੍ਰਾਂਤੀਕਾਰੀਆਂ ਸਦਕਾ ਆਜ਼ਾਦੀ ਮਿਲੀ : ਮਾੜੀਮੇਘਾ

0
8

ਭਿੱਖੀਵਿੰਡ (ਨ ਜ਼ ਸ)
ਆਜ਼ਾਦੀ ਦਿਵਸ ਨਾਲ ਜੋੜ ਕੇ ਜਨ ਜਾਗਰਨ ਮੁਹਿੰਮ ਤਹਿਤ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਪਿੰਡ ਸਾਂਡਪੁਰਾ, ਦਿਆਲਪੁਰਾ, ਸੂਰਵਿੰਡ ਅਤੇ ਤਪਾ ਬਾਠ ਵਿਖੇ ਸੀ ਪੀ ਆਈ ਦੇ ਮੀਤ ਸਕੱਤਰ ਟਹਿਲ ਸਿੰਘ ਲੱਧੂ ਤੇ ਜਸਵੰਤ ਸਿੰਘ ਸੂਰਵਿੰਡ ਅਤੇ ਕਿਸਾਨ ਸਭਾ ਦੇ ਆਗੂ ਰਛਪਾਲ ਸਿੰਘ ਬਾਠ ਦੀ ਰਹਿਨੁਮਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ। ਸੰਬੋਧਨ ਦੌਰਾਨ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹਿੰਦੁਸਤਾਨ ਆਜ਼ਾਦ ਹੋਇਆ ਪਰ ਸਰਮਾਏਦਾਰ ਹਕੂਮਤਾਂ ਨੇ ਉਨ੍ਹਾਂ ਦੀ ਸੋਚ ਦਾ ਭਾਰਤ ਬਨਣ ਨਹੀਂ ਦਿੱਤਾ। ਉਨ੍ਹਾਂ ਦੇ ਵਿਚਾਰ ਇਹ ਸਨ ਕਿ ਆਜ਼ਾਦ ਭਾਰਤ ਵਿੱਚ ਹਰੇਕ ਵਿਅਕਤੀ ਨੂੰ ਰੁਜ਼ਗਾਰ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਮਿਲੇਗੀ। ਹਰੇਕ ਮਨੁੱਖ ਨੂੰ ਮੁਫ਼ਤ ਸਿਹਤ ਸਹੂਲਤ ਅਤੇ ਗ਼ਰੀਬਾਂ ਨੂੰ ਘਰ ਮਿਲਣਗੇ। ਆਗੂਆਂ ਨੇ ਕਿਹਾ ਕਿ ਇਹ ਜਥਾ ਮਾਰਚ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਹੋ ਰਹੀ ਮਹਾਂਰੈਲੀ ਦੀ ਤਿਆਰੀ ਅਤੇ ਦੇਸ਼ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਪਰਦੇਫਾਸ਼ ਕਰਨ ਵਾਸਤੇ ਕੀਤਾ ਜਾ ਰਿਹਾ ਹੈ।ਬੀ ਜੇ ਪੀ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਦੀ ਸਰਕਾਰ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲੇ ਹਨ, ਉਨ੍ਹਾਂ ਤੋਂ ਧਿਆਨ ਪਾਸੇ ਕਰਨ ਦਾ ਕੰਮ ਕਰ ਰਹੀ ਹੈ।ਕੇਂਦਰ ਦੀ ਹਕੂਮਤ ਉਕਤ ਮਸਲੇ ਹੱਲ ਕਰਨ ਦੀ ਥਾਂ ਦੇਸ਼ ਵਿੱਚ ਘੱਟ ਗਿਣਤੀ ਵੱਸੋਂ ‘ਤੇ ਆਰ ਐੱਸ ਐੱਸ ਦੇ ਗੁੰਡਿਆਂ ਤੋਂ ਹਮਲੇ ਕਰਾਉਂਦੀ ਅਤੇ ਡਰਾਉਂਦੀ-ਧਮਕਾਉਂਦੀ ਹੈ।ਜਿਹੜਾ ਵੀ ਕੋਈ ਕੇਂਦਰ ਸਰਕਾਰ ਵਿਰੁੱਧ ਬੋਲਦਾ, ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਪੰਜਾਬ ਦੇ ਵੋਟਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾਉਂਦੇ ਪਏ ਹਨ।ਗਰੀਬ ਤੇ ਮੱਧ ਵਰਗੀ ਲੋਕਾਂ ਦਾ ਮਹਿੰਗਾਈ ਨੇ ਕਚੂੰਬਰ ਕੱਢਿਆ ਹੋਇਆ ਹੈ।ਰਸੋਈ ਵਾਲੇ ਤੇਲ 200 ਰੁਪਏ ਲੀਟਰ ਤੱਕ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਬਾਕੀ ਖਾਣਪੀਣ ਵਾਲੀਆਂ ਵਸਤਾਂ ਦਾ ਵੀ ਇਹੋ ਹਾਲ ਹੈ। ਨਰੇਗਾ ਕਾਮੇ ਜਦੋਂ ਖੇਤੀਬਾੜੀ ਦਾ ਕੰਮ ਨਹੀਂ ਸੀ ਹੁੰਦਾ, ਉਸ ਵਕਤ ਨਰੇਗਾ ਦਾ ਕੰਮ ਕਰ ਲੈਂਦੇ ਸਨ, ਉਹ ਵੀ ਸਰਕਾਰ ਨੇ ਬੰਦ ਕੀਤਾ ਹੋਇਆ ਹੈ।ਆਗੂਆਂ ਨੇ ਸਰਕਾਰ ‘ਤੇ ਜ਼ੋਰ ਪਾਇਆ ਕਿ ਨਰੇਗਾ ਕਾਮਿਆਂ ਨੂੰ ਫੌਰੀ ਤੌਰ ‘ਤੇ ਕੰਮ ਦਿੱਤਾ ਜਾਵੇ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ।ਪੰਜਾਬ ਦੇ ਦਰਿਆਵਾਂ ਦਾ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਦੇਣਾ ਬੰਦ ਕੀਤਾ ਹੈ।ਮੀਟਿੰਗਾਂ ਵਿੱਚ ਮੁੱਖ ਤੌਰ ‘ਤੇ ਬੀਬੀ ਵੀਰੋ ਸਾਂਡਪੁਰਾ, ਸਰਬਜੀਤ ਕੌਰ ਤੇ ਨਿਸ਼ਾਨ ਸਿੰਘ ਸੂਰਵਿੰਡ, ਅਮਰਜੀਤ ਸਿੰਘ ਬਾਠ ਅਤੇ ਧਨਵੰਤ ਸਿੰਘ ਮੌਜੂਦ ਸਨ।