ਅੰਮ੍ਰਿਤਸਰ : ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਸਕਿਉਰਟੀ ਵਾਹਨ ‘ਤੇ ਗੋਲੀ ਵੱਜਣ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਰਾਈਵਰ ਨੇ ਗੱਡੀ ਸਾਫ ਕਰਨ ਵੇਲੇ ਗੋਲੀ ਫਸੀ ਦੇਖੀ।
ਜਥੇਦਾਰ ਨੇ ਦੱਸਿਆ ਕਿ ਸੀ ਸੀ ਟੀ ਵੀ ਚੈੱਕ ਕਰਨ ‘ਤੇ ਪਤਾ ਲੱਗਾ ਕਿ 12 ਤਾਰੀਖ ਦੀ ਰਾਤ 11.4 ਵਜੇ ਆਵਾਜ਼ ਸੁਣਾਈ ਦਿੰਦੀ ਹੈ ਅਤੇ ਉੱਥੇ ਮੌਜੂਦ ਸੰਤਰੀ ਇਸ ਨੂੰ ਦੇਖਦਾ ਹੈ। ਫੁਟੇਜ ਵਿੱਚ ਦੇਖਿਆ ਗਿਆ ਕਿ ਲਾਲ ਰੰਗ ਦੀ ਟੀ-ਸ਼ਰਟ ਵਾਲਾ ਨੌਜਵਾਨ ਚੌਕ ਵਿੱਚ ਆ ਕੇ ਫੋਨ ‘ਤੇ ਗੱਲਬਾਤ ਕਰਦਾ ਹੈ ਅਤੇ ਗੇੜੇ ਦਿੰਦਾ ਹੈ।
ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾ ਨੂੰ ਪਹਿਲਾਂ ਕੋਈ ਵੀ ਧਮਕੀ ਭਰਿਆ ਫੋਨ ਨਹੀਂ ਆਇਆ ਸੀ। ਉਨ੍ਹਾ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਦੀ ਸਖਤੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਵੱਡਾ ਸਵਾਲੀਆ ਨਿਸ਼ਾਨ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਜੋ ਗਿਆਨੀ ਰਘਬੀਰ ਸਿੰਘ ਦੇ ਘਰ ਜਾਂਚ ਵਾਸਤੇ ਪੁੱਜੇ ਸਨ, ਨੇ ਮੀਡੀਆ ਨੂੰ ਦੱਸਿਆ ਕਿ ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਹਵਾ ਵਿੱਚ ਕੀਤਾ ਫਾਇਰ ਹੋ ਸਕਦਾ ਹੈ। ਗੋਲੀ ਉੱਪਰ ਤੋਂ ਹੇਠਾਂ ਵੱਲ ਨੂੰ ਆਈ ਅਤੇ ਬੋਨਟ ‘ਤੇ ਵੱਜੀ। ਜੇ ਕਿਸੇ ਵੱਲੋਂ ਹਮਲੇ ਤਹਿਤ ਗੋਲੀ ਚਲਾਈ ਗਈ ਹੈ ਤਾਂ ਇਸ ਦਾ ਵੀ ਜਲਦ ਪਤਾ ਲਾਇਆ ਜਾਵੇਗਾ। ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵਿੱਚ ਦਿਖਾਈ ਦੇ ਰਹੇ ਸਕੂਟਰ ਸਵਾਰ ਸ਼ੱਕੀ ਵਿਅਕਤੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ।





