ਚੰਡੀਗੜ੍ਹ : ਹਰਿਆਣਾ ਪੁਲਸ ਨੇ ਕਿਸਾਨਾਂ ਨੂੰ ਰਾਜਧਾਨੀ ਵੱਲ ਵਧਣ ਤੋਂ ਰੋਕਣ ਲਈ ਖਨੌਰੀ ਚੈੱਕਪੋਸਟ ‘ਤੇ ਭਾਰੀ ਬੈਰੀਕੇਡਿੰਗ ਕਰ ਦਿੱਤੀ ਹੈ। ਇਨ੍ਹਾਂ ਵਿੱਚ ਕੰਕਰੀਟ ਦੇ ਬਲਾਕ ਤੇ ਜ਼ੰਜੀਰਾਂ ਨਾਲ ਬੰਨ੍ਹੇ ਲੋਹੇ ਦੇ ਪਿੰਜਰੇ ਸ਼ਾਮਲ ਹਨ। ਐੱਮ ਐੱਸ ਪੀ ਦੀ ਗਰੰਟੀ ਲੈਣ ਲਈ ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੇ ਬੈਨਰ ਹੇਠ ਸੈਂਕੜੇ ਕਿਸਾਨ ਐਤਵਾਰ ਸਰਹੱਦ ‘ਤੇ ਇਕੱਠੇ ਹੋਏ, ਪਰ ਉਨ੍ਹਾਂ ਨੂੰ ਪੰਜਾਬ ਵਾਲੇ ਪਾਸੇ ਹੀ ਰੋਕ ਲਿਆ ਗਿਆ। ਖਨੌਰੀ ਬਾਰਡਰ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਇੱਕ ਅਹਿਮ ਰੂਟ ਹੈ, ਜਿਸ ਕਾਰਨ ਇੱਥੇ ਲਗਾਈਆਂ ਗਈਆਂ ਰੋਕਾਂ ਦਾ ਅਸਰ ਦੋਵਾਂ ਸੂਬਿਆਂ ਵਿਚਾਲੇ ਆਵਾਜਾਈ ‘ਤੇ ਪੈਣਾ ਲਾਜ਼ਮੀ ਹੈ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਚੌਕਸ ਰਹਿਣ ਅਤੇ ਬਦਲਵੇਂ ਰੂਟ ਵਰਤਣ ਦੀ ਸਲਾਹ ਦਿੱਤੀ ਹੈ।
ਦੂਜੇ ਪਾਸੇ ਕਿਸਾਨਾਂ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ।


