ਪੀ ਐੱਮ ਕੇਅਰਜ਼ ਫੰਡ ਦਾ ਰਹੱਸ

0
1

ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਰਾਹਤ ਫੰਡ (ਪੀ ਐੱਮ ਕੇਅਰਜ਼ ਫੰਡ) ਦਾ ਕੁੱਲ ਫੰਡ ਵਿੱਤੀ ਸਾਲ 2024-25 ਵਿੱਚ ਵਧ ਕੇ 8,452.07 ਕਰੋੜ ਹੋ ਗਿਆ। ਇਹ ਪਿਛਲੇ ਵਿੱਤੀ ਸਾਲ ਦੇ 7,173.03 ਕਰੋੜ ਨਾਲੋਂ ਲੱਗਭੱਗ 17.8 ਫੀਸਦੀ ਵੱਧ ਹੈ। ਇਸ ਸਮੇਂ ਦੌਰਾਨ ਘਰੇਲੂ ਅਤੇ ਵਿਦੇਸ਼ੀ ਦੋਵਾਂ ਦਾਨਾਂ ਵਿੱਚ ਗਿਰਾਵਟ ਆਈ, ਪਰ ਫੰਡ ਤੋਂ ਖਰਚ ਬਹੁਤ ਘੱਟ ਕੀਤੇ ਜਾਣ ਕਾਰਨ ਕੁੱਲ ਫੰਡ ਵਧ ਗਿਆ। ਉਪਲੱਬਧ ਆਡਿਟ ਰਿਪੋਰਟ ਮੁਤਾਬਕ 2024-25 ਵਿੱਚ ਕੁੱਲ ਫੰਡ ਦਾ ਸਿਰਫ 0.01 ਫੀਸਦੀ ਖਰਚ ਕੀਤਾ ਗਿਆ ਸੀ।
ਇਨ੍ਹਾਂ ਅੰਕੜਿਆਂ ਦੇ ਜਨਤਕ ਖੁਲਾਸੇ ਤੋਂ ਬਾਅਦ ਕੇਂਦਰ ਸਰਕਾਰ ਅਤੇ ਪੀ ਐੱਮ ਕੇਅਰਜ਼ ਫੰਡ ਦੀ ਪਾਰਦਰਸ਼ਤਾ ਅਤੇ ਉਪਯੋਗਤਾ ‘ਤੇ ਸਵਾਲ ਉੱਠ ਰਹੇ ਹਨ। 8,452 ਕਰੋੜ ਦੀ ਉਪਲੱਬਧਤਾ ਦੇ ਬਾਵਜੂਦ ਫੰਡ ਦਾ ਸਿਰਫ 0.01 ਪ੍ਰਤੀਸ਼ਤ ਖਰਚ ਕੀਤਾ ਗਿਆ, ਜਦੋਂ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਆਫਤਾਂ ਵਧੀਆਂ ਹਨ।
ਫੰਡ ਦੀ ਆਡਿਟ ਰਿਪੋਰਟ ਮੁਤਾਬਕ 2024-25 ਵਿੱਤੀ ਸਾਲ ਵਿੱਚ ਰਿਫੰਡ ਕੱਟਣ ਤੋਂ ਬਾਅਦ ਘਰੇਲੂ ਯੋਗਦਾਨ ਲੱਗਭੱਗ 479.05 ਕਰੋੜ ਸੀ। ਇਹ ਰਕਮ 2023-24 ਵਿੱਚ ਲੱਗਭੱਗ 681.81 ਕਰੋੜ ਸੀ। ਇਹ ਇੱਕ ਸਾਲ ਵਿੱਚ ਘਰੇਲੂ ਦਾਨ ਵਿੱਚ ਲੱਗਭੱਗ 30 ਪ੍ਰਤੀਸ਼ਤ ਦੀ ਕਮੀ ਨੂੰ ਦਰਸਾਉਂਦਾ ਹੈ। ਫੰਡ ਵਿੱਚ ਘਰੇਲੂ ਸਵੈ-ਇੱਛਤ ਯੋਗਦਾਨ 2020-21 ਵਿੱਤੀ ਸਾਲ ਵਿੱਚ ਸਿਖਰ ‘ਤੇ ਸੀ, ਲੱਗਭੱਗ 7,184 ਕਰੋੜ। ਦਾਨ ਵਿੱਚ ਗਿਰਾਵਟ ਦੇ ਬਾਵਜੂਦ ਪੀ ਐੱਮ ਕੇਅਰਜ਼ ਫੰਡ ‘ਚ ਮੁੱਖ ਤੌਰ ‘ਤੇ ਫਿਕਸਡ ਡਿਪਾਜ਼ਿਟ ‘ਤੇ ਪ੍ਰਾਪਤ ਵਿਆਜ, ਵੱਖ-ਵੱਖ ਏਜੰਸੀਆਂ ਤੋਂ ਅਦਾਇਗੀ ਅਤੇ ਬਹੁਤ ਘੱਟ ਖਰਚੇ ਕਾਰਨ ਵਾਧਾ ਹੋਇਆ। 2024-25 ਵਿੱਚ ਫੰਡ ਨੂੰ ਫਿਕਸਡ ਡਿਪਾਜ਼ਿਟ ਤੋਂ ਲੱਗਭੱਗ 469.38 ਕਰੋੜ ਦਾ ਵਿਆਜ ਪ੍ਰਾਪਤ ਹੋਇਆ। ਵਿੱਤੀ ਸਾਲ ਦੀ ਸ਼ੁਰੂਆਤ ਵਿੱਚ, ਫੰਡ ਵਿੱਚ ਫਿਕਸਡ ਡਿਪਾਜ਼ਿਟ ਵਿੱਚ ਲੱਗਭੱਗ 6,641.57 ਕਰੋੜ ਸੀ।
ਇਸ ਤੋਂ ਇਲਾਵਾ ਵੱਖ-ਵੱਖ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਲੱਗਭੱਗ 324.66 ਕਰੋੜ ਵਾਪਸ ਕੀਤੇ ਗਏ। ਇਹ ਰਕਮ ਸੰਬੰਧਤ ਏਜੰਸੀਆਂ ਕੋਲ ਖਰਚ ਨਾ ਕੀਤੇ ਗਏ ਜਾਂ ਵਾਧੂ ਫੰਡਾਂ ਨੂੰ ਦਰਸਾਉਂਦੀ ਹੈ। ਬੈਂਕਾਂ ਤੋਂ ਫਿਕਸਡ ਡਿਪਾਜ਼ਿਟ ‘ਤੇ ਕੱਟੇ ਗਏ ਟੀ ਡੀ ਐੱਸ ਦੇ ਰਿਫੰਡ ਵਜੋਂ ਲੱਗਭੱਗ 13.49 ਲੱਖ ਕਰੋੜ ਵੀ ਪ੍ਰਾਪਤ ਹੋਏ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਦੇ ਹੋਏ ਫੰਡ ਨੂੰ ਵਿੱਤੀ ਸਾਲ 2024-25 ਵਿੱਚ ਲੱਗਭੱਗ 1,279.91 ਕਰੋੜ ਪ੍ਰਾਪਤ ਹੋਏ, ਜਿਸ ਵਿੱਚ ਸ਼ੁਰੂਆਤੀ ਬਕਾਇਆ ਸ਼ਾਮਲ ਨਹੀਂ ਹੈ। 2024-25 ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਪੀ ਐੱਮ ਕੇਅਰਜ਼ ਫੰਡ ਵਿੱਚ ਕੁੱਲ 7,173.03 ਕਰੋੜ ਬੱਚਤ ਬੈਂਕ ਖਾਤਿਆਂ ਵਿੱਚ ਅਤੇ 6,641.57 ਕਰੋੜ ਫਿਕਸਡ ਡਿਪਾਜ਼ਿਟ ਵਿੱਚ ਸਨ। 31 ਮਾਰਚ, 2025 ਤੱਕ ਇਹ ਰਕਮ ਵਧ ਕੇ 605.41 ਕਰੋੜ ਬੱਚਤ ਖਾਤਿਆਂ ਵਿੱਚ ਅਤੇ 7,846.65 ਕਰੋੜ ਫਿਕਸਡ ਡਿਪਾਜ਼ਿਟ ਵਿੱਚ ਹੋ ਗਈ, ਜਿਸ ਨਾਲ ਕੁੱਲ ਫੰਡ 8,452.07 ਕਰੋੜ ਹੋ ਗਿਆ।
ਆਰ ਟੀ ਆਈ ਅਤੇ ਪਾਰਦਰਸ਼ਤਾ ਮੁੱਦਿਆਂ ‘ਤੇ ਕੰਮ ਕਰਨ ਵਾਲੀ ਕਾਰਕੁੰਨ ਅੰਜਲੀ ਭਾਰਦਵਾਜ ਨੇ ਫੰਡ ਦੇ ਅੰਕੜਿਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾ ਪੁੱਛਿਆ ਹੈ ਕਿ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਵਾਪਸ ਕੀਤੇ ਗਏ 324 ਕਰੋੜ ਰੁਪਏ ਕਿਹੜੇ ਪ੍ਰੋਜੈਕਟਾਂ ਜਾਂ ਭੁਗਤਾਨਾਂ ਨਾਲ ਸੰਬੰਧਤ ਸਨ ਅਤੇ ਉਨ੍ਹਾਂ ਨੂੰ ਕਿਉਂ ਵਾਪਸ ਕੀਤਾ ਗਿਆ। ਕਿਸ ਏਜੰਸੀ ਨੇ ਇਹ ਰਕਮ ਵਾਪਸ ਕੀਤੀ?
ਆਡਿਟ ਰਿਪੋਰਟ ਦੇ ਨਾਲ ਵਿਸਤ੍ਰਿਤ ਟਿੱਪਣੀਆਂ ਅਤੇ ਸੰਬੰਧਤ ਜਾਣਕਾਰੀ ਜਨਤਕ ਕਿਉਂ ਨਹੀਂ ਕੀਤੀ ਗਈ? ਰਾਜ ਸਭਾ ਮੈਂਬਰ ਪਵਨ ਖੇੜਾ ਨੇ ਕਿਹਾ ਕਿ 8,452 ਕਰੋੜ ਰੁਪਏ ਉਪਲੱਬਧ ਹੋਣ ਦੇ ਬਾਵਜੂਦ, ਰਕਮ ਦਾ ਸਿਰਫ 0.01 ਫੀਸਦੀ ਹੀ ਵਰਤਿਆ ਗਿਆ, ਜਦੋਂ ਕਿ ਦੇਸ਼ ਵਿੱਚ ਕੁਦਰਤੀ ਆਫਤਾਂ ਤੋਂ ਪ੍ਰਭਾਵਤ ਭਾਈਚਾਰਿਆਂ ਨੂੰ ਰਾਹਤ ਅਤੇ ਪੁਨਰਵਾਸ ਦੀ ਲੋੜ ਹੈ। ਇੰਨੀ ਵੱਡੀ ਰਕਮ ਵਿਹਲੀ ਕਿਉਂ ਪਈ ਹੈ। ਪੀ ਐੱਮ ਕੇਅਰਜ਼ ਫੰਡ ਐਮਰਜੈਂਸੀ ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਰਾਹਤ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ, ਪਰ ਤਾਜ਼ਾ ਅੰਕੜੇ ਫੰਡ ਦਾ ਇੱਕ ਵੱਡਾ ਹਿੱਸਾ ਖਰਚ ਕਰਨ ਦੀ ਬਜਾਏ ਜਮ੍ਹਾਂ ਅਤੇ ਨਿਵੇਸ਼ ਵਜੋਂ ਦਰਸਾਉਂਦੇ ਹਨ।
ਕੇਂਦਰ ਸਰਕਾਰ ਨੇ 27 ਮਾਰਚ, 2020 ਨੂੰ ਕੋਵਿਡ-19 ਮਹਾਂਮਾਰੀ ਅਤੇ ਹੋਰ ਐਮਰਜੈਂਸੀ ਜਾਂ ਸੰਕਟ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਸਥਾਪਨਾ ਕੀਤੀ ਸੀ। ਇਹ ਨਵੀਂ ਦਿੱਲੀ ਵਿੱਚ ਇੱਕ ਜਨਤਕ ਚੈਰੀਟੇਬਲ ਟਰੱਸਟ ਵਜੋਂ ਰਜਿਸਟਰਡ ਹੈ। ਪ੍ਰਧਾਨ ਮੰਤਰੀ ਇਸ ਦੇ ਅਹੁਦੇਦਾਰ ਚੇਅਰਪਰਸਨ ਹਨ, ਜਦੋਂ ਕਿ ਰੱਖਿਆ, ਗ੍ਰਹਿ ਅਤੇ ਵਿੱਤ ਮੰਤਰੀ ਇਸ ਦੇ ਅਹੁਦੇਦਾਰ ਟਰੱਸਟੀ ਹਨ। ਸਰਕਾਰ ਮੁਤਾਬਕ ਫੰਡ ਨੂੰ ਕੋਈ ਬਜਟ ਸਹਾਇਤਾ ਪ੍ਰਾਪਤ ਨਹੀਂ ਹੁੰਦੀ ਅਤੇ ਇਹ ਵਿਅਕਤੀਆਂ ਅਤੇ ਸੰਗਠਨਾਂ ਦੇ ਸਵੈ-ਇੱਛਤ ਯੋਗਦਾਨਾਂ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਫੰਡ ਨੂੰ ਵਿਦੇਸ਼ੀ ਯੋਗਦਾਨ ਸਵੀਕਾਰ ਕਰਨ ਤੋਂ ਵੀ ਛੋਟ ਹੈ।
ਪੀ ਐੱਮ ਕੇਅਰਜ਼ ਫੰਡ ਦੀ ਪਾਰਦਰਸ਼ਤਾ ਲੰਬੇ ਸਮੇਂ ਤੋਂ ਸਿਆਸੀ ਅਤੇ ਕਾਨੂੰਨੀ ਬਹਿਸ ਦਾ ਵਿਸ਼ਾ ਰਹੀ ਹੈ। ਜੂਨ 2020 ਵਿੱਚ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਪੀ ਐੱਮ ਕੇਅਰਜ਼ ਫੰਡ ਆਰ ਟੀ ਆਈ ਐਕਟ, 2005 ਦੇ ਤਹਿਤ ‘ਜਨਤਕ ਅਥਾਰਟੀ’ ਨਹੀਂ ਹੈ। ਇਸ ਤੋਂ ਬਾਅਦ ਫੰਡ ਦੇ ਸੰਚਾਲਨ ਅਤੇ ਵਿੱਤੀ ਸਟੇਟਮੈਂਟਾਂ ਸੰਬੰਧੀ ਸੂਚਨਾ ਅਧਿਕਾਰ ਬੇਨਤੀਆਂ ‘ਤੇ ਵਿਵਾਦ ਬਣਿਆ ਰਿਹਾ ਹੈ, ਜਦੋਂ ਕਿ ਆਲੋਚਕਾਂ ਨੇ ਵਧੇਰੇ ਜਨਤਕ ਜਵਾਬਦੇਹੀ ਅਤੇ ਫੰਡ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਇੱਕ ਸਵੈ-ਇੱਛਤ ਯੋਗਦਾਨ ਟਰੱਸਟ ਹੈ ਅਤੇ ਸਰਕਾਰੀ ਬਜਟ ਤੋਂ ਫੰਡ ਪ੍ਰਾਪਤ ਨਹੀਂ ਕਰਦਾ।
ਇਹ ਅਕਸਰ ਕਿਹਾ ਗਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਪਹਿਲਾਂ ਹੀ ਮੌਜੂਦ ਸੀ, ਤਾਂ ਪੀ ਐੱਮ ਕੇਅਰਜ਼ ਨੂੰ ਜਨਤਕ ਜਾਂਚ ਅਤੇ ਜਵਾਬਦੇਹੀ ਦੇ ਦਾਇਰੇ ਤੋਂ ਬਾਹਰ ਕਿਉਂ ਰੱਖਿਆ ਗਿਆ ਸੀ। ਸਰਕਾਰ ਦਾਅਵਾ ਕਰਦੀ ਹੈ ਕਿ ਇਹ ਫੰਡ ਐਮਰਜੈਂਸੀ ਵਿੱਚ ਰਾਹਤ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ, ਜਦੋਂ ਕਿ ਮਾਹਰ ਸਵਾਲ ਕਰਦੇ ਹਨ ਕਿ ਕੁਦਰਤੀ ਆਫਤਾਂ ਦੌਰਾਨ ਇਸ ਫੰਡ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ, ਜਿਸ ਦੀ ਕੀਮਤ ਹਜ਼ਾਰਾਂ ਕਰੋੜ ਰੁਪਏ ਹੈ, ਹੀ ਕਿਉਂ ਖਰਚ ਕੀਤਾ ਗਿਆ।
2024-25 ਲਈ ਪੀ ਐੱਮ ਕੇਅਰਜ਼ ਫੰਡ ਦੇ ਅੰਕੜੇ ਨਾ ਸਿਰਫ ਫੰਡ ਦੇ ਆਕਾਰ ਵਿੱਚ ਵਾਧੇ ਦੀ ਕਹਾਣੀ ਦੱਸਦੇ ਹਨ, ਸਗੋਂ ਇਨ੍ਹਾਂ ਨੇ ਇਸ ਦੀ ਵਰਤੋਂ, ਪਾਰਦਰਸ਼ਤਾ, ਏਜੰਸੀਆਂ ਤੋਂ ਫੰਡਾਂ ਦੀ ਵਾਪਸੀ ਅਤੇ ਐਮਰਜੈਂਸੀ ਰਾਹਤ ਲਈ ਫੰਡਾਂ ਦੀ ਅਸਲ ਵਰਤੋਂ ‘ਤੇ ਫਿਰ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ।