ਤ੍ਰਿਸ਼ੂਰ (ਨ ਜ਼ ਸ)
ਉੱਘੇ ਫਿਲਮੀ ਅਦਾਕਾਰ ਪ੍ਰਕਾਸ਼ ਰਾਜ ਨੇ ਵੀਰਵਾਰ ਕਿਹਾ ਕਿ ਨੀਟ ਪੇਪਰ ਲੀਕ ਦੇ ਖਿਲਾਫ ਨੌਜਵਾਨਾਂ ਦੇ ਪ੍ਰੋਟੈੱਸਟ ਦੇ ਬਾਅਦ ਦੇਸ਼ ਵਿੱਚ ਫਾਸ਼ੀਵਾਦੀ ਸ਼ਾਸਨ ਆਪਣੇ ਅੰਤ ਦੇ ਨੇੜੇ ਹੈ ਅਤੇ ਨੌਜਵਾਨ ਇਹ ਯਕੀਨੀ ਬਣਾਉਣ ਕਿ ਅਜਿਹੀਆਂ ਤਾਕਤਾਂ ਦੁਬਾਰਾ ਸੱਤਾ ਵਿੱਚ ਨਾ ਆਉਣ।
ਕੇਰਲਮ ਦੇ ਤ੍ਰਿਸੂਰ ਵਿੱਚ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸੂਬਾ ਪੱਧਰੀ ਸੰਮੇਲਨ ਦੇ ਉਦਘਾਟਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾ ਨੌਜਵਾਨਾਂ ਦੀ ਮੁਜ਼ਾਹਮਤ ਦੀ ਤੁਲਨਾ ਸ਼ੇਰ ਨੂੰ ਦੇਖ ਕੇ ਸਾਥੀਆਂ ਨੂੰ ਖਬਰਦਾਰ ਕਰਨ ਵਾਲੇ ਹਿਰਨ ਨਾਲ ਕੀਤੀ। ਉਨ੍ਹਾ ਕਿਹਾ, ”ਵਰ੍ਹਿਆਂ ਤੋਂ ਅਸੀ ਸੋਚਦੇ ਰਹੇ ਹਾਂ ਕਿ ਹਿਰਨ ਨੇ ਹੋਰਨਾਂ ਹਿਰਨਾਂ ਨੂੰ ਭੱਜ ਜਾਣ ਲਈ ਕਿਹਾ ਸੀ, ਪਰ ਨਹੀਂ। ਜਦੋਂ ਹਿਰਨ ਨੇ ਸ਼ੇਰ ਦੇਖਿਆ ਤਾਂ ਉਸ ਨੇ ਉਸ ਵੱਲ ਇੱਕ ਕਦਮ ਵਧ ਕੇ ਪੁੱਛਿਆ ‘ਕਾ!’ ਉਹ ਸ਼ੇਰ ਨੂੰ ਕਹਿ ਰਿਹਾ ਸੀ ਕਿ ਮੈਂ ਤੈਨੂੰ ਦੇਖ ਲਿਆ ਹੈ। ਹੁਣ ਦੇਸ਼ ਦੇ ਨੌਜਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ‘ਕਾ!’ ਹੁਣ ਮੈਂ ਤੈਨੂੰ ਪਛਾਣ ਲਿਆ ਹੈ। ਤੇਰੀ ਸਿਆਸਤ ਨੂੰ ਜਾਣ ਲਿਆ ਹੈ। ਨੌਜਵਾਨਾਂ ਨੇ ਸ਼ਿਕਾਰੀ ਦੀ ਪਛਾਣ ਕਰਕੇ ਹਾਕਮਾਂ ਦੀ ਆਕੜ ਦੀ ਫੂਕ ਕੱਢ ਦਿੱਤੀ ਹੈ। ਇਸੇ ਕਰਕੇ ਭਾਜਪਾ ਸਰਕਾਰ ਡਰੀ ਹੋਈ ਹੈ। ਬਹੁਤੇ ਨੌਜਵਾਨ ਪ੍ਰੋਟੈੱਸਟਰ ਉਦੋਂ ਬੱਚੇ ਸਨ, ਜਦੋਂ ਇਹ ਸਰਕਾਰ ਬਣੀ। ਉਨ੍ਹਾਂ ਨੇ ਇਨ੍ਹਾਂ ਨੂੰ ਨਹੀਂ ਚੁਣਿਆ। ਉਹ ਹੁਣ ਵੱਡੇ ਹੋ ਗਏ ਹਨ ਤੇ ਕਹਿ ਰਹੇ ਹਨ ‘ਕਾ!’ ਇਹ ਸ਼ਾਨਦਾਰ ਪੜਾਅ ਹੈ, ਜਿੱਥੇ ਜ਼ਾਲਮ ਨੂੰ ਸੁਝ ਨਹੀਂ ਰਿਹਾ ਕਿ ਹੁਣ ਕੀ ਕਰਨਾ ਹੈ।”
ਉਨ੍ਹਾ ਕਿਹਾ ਕਿ ਨੌਜਵਾਨਾਂ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਉਹ ਡਰਦੇ ਨਹੀਂ ਹਨ ਅਤੇ ਉਸ ਦੀ ਸਿਆਸਤ ਨੂੰ ਸਮਝਦੇ ਹਨ।
ਦਿੱਲੀ ਦੇ ਜੰਤਰ-ਮੰਤਰ ‘ਤੇ ਹੋਏ ਵਿਰੋਧ ਪ੍ਰਦਰਸ਼ਨ ਨੂੰ ਯਾਦ ਕਰਦਿਆਂ, ਉਨ੍ਹਾ ਕਿਹਾ ਕਿ ਲੱਗਭੱਗ ਇੱਕ ਲੱਖ ਲੋਕ ਉੱਥੇ ਇਕੱਠੇ ਹੋਏ ਸਨ, ਜਦੋਂ ਕਿ ਚਾਰ ਲੱਖ ਹੋਰ ਕੌਮੀ ਰਾਜਧਾਨੀ ਦੀਆਂ ਸੜਕਾਂ ‘ਤੇ ਸਨ। ਉਹ ਪਹਿਲੀ ਵਾਰ ਦਿੱਲੀ ਪੁੱਜੇ ਸਨ। ਪਹਿਲੀ ਵਾਰ ਉਹ ਵਿਰੋਧ ਕਰਨਾ ਚਾਹੁੰਦੇ ਸਨ, ਉਹ ਸੰਸਦ ਜਾਣਾ ਚਾਹੁੰਦੇ ਸਨ ਅਤੇ ਸੰਸਦ ਹਿੱਲ ਗਈ। ਉਨ੍ਹਾ ਕਿਹਾ, ”ਮੈਨੂੰ ਮਾਣ ਹੈ ਕਿ ਨੌਜਵਾਨਾਂ ਨੇ ਹਿੰਸਾ ਦਾ ਸਹਾਰਾ ਨਹੀਂ ਲਿਆ ਅਤੇ ਇਸ ਦੀ ਬਜਾਏ ਸਵਾਲ ਪੁੱਛੇ। ਇਸ ਲਈ ਅੱਜ, ਜਦੋਂ ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ, ਇੱਕ ਦਹਾਕੇ ਬਾਅਦ ਪਹਿਲੀ ਵਾਰ, ਮੈਨੂੰ ਵਧੇਰੇ ਵਿਸ਼ਵਾਸ ਹੈ ਕਿ ਫਾਸ਼ੀਵਾਦੀ ਸ਼ਾਸਨ ਦਾ ਅੰਤ ਨੇੜੇ ਆ ਰਿਹਾ ਹੈ।”
ਉਨ੍ਹਾ ਕਿਹਾ, ‘ਨੌਜਵਾਨਾਂ ਕਰਕੇ ਹੀ ਪ੍ਰਧਾਨ ਮੰਤਰੀ ਨੇ ਰੀਲ੍ਹਾਂ ਬਣਾਉਣੀਆਂ ਸ਼ੁਰੂ ਕੀਤੀਆਂ। ਨੌਜਵਾਨਾਂ ਕਰਕੇ ਉਹ ਸਾਨੂੰ ਦਿਮਾਗੀ ਨਕਸਲ ਕਹਿ ਰਹੇ ਹਨ। ਇਹ ਤਮਗਾ ਦੇਣਾ ਦਿਖਾਉਂਦਾ ਹੈ ਕਿ ਹਾਕਮ ਮੰਨ ਗਏ ਹਨ ਕਿ ਲੋਕ ਸੋਚਣ ਤੇ ਸਵਾਲ ਕਰਨ ਲੱੱਗ ਪਏ ਹਨ। ਆਖਰ ਮੋਦੀ ਨੇ ਮੰਨ ਲਿਆ ਹੈ ਕਿ ਸਾਡੇ ਸਭ ਕੋਲ ਦਿਮਾਗ ਹਨ। ਉਹ ਦਿਮਾਗਾਂ ਤੋਂ ਡਰ ਰਿਹਾ ਹੈ, ਲੋਕਾਂ ਵੱਲੋਂ ਸਵਾਲ ਪੁੱਛਣ ਤੋਂ ਡਰ ਰਿਹਾ ਹੈ ਤੇ ਪ੍ਰੋਟੈੱਸਟ ਤੋਂ ਡਰ ਰਿਹਾ ਹੈ।’ ਉਨ੍ਹਾ ਕਿਹਾ, ‘ਪ੍ਰੋਟੈੱਸਟ ਦੀ ਨੌਈਅਤ ਬਦਲ ਗਈ ਹੈ। ਹੁਣ ਇਹ ਸਿਰਫ ਜੰਤਰ-ਮੰਤਰ ਹੀ ਨਹੀਂ, ਹਰ ਪਾਸੇ ਹੋ ਰਹੇ ਹਨ। ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਪ੍ਰੋਟੈੱਸਟਾਂ ਸਣੇ ਕਈ ਪ੍ਰੋਟੈੱਸਟ ਦੇਖੇ ਹਨ। ਇਨ੍ਹਾਂ ਵਿੱਚੋਂ ਬਹੁਤੇ ਨੌਕਰੀਆਂ, ਜ਼ਮੀਨਾਂ ਤੇ ਰੋਜ਼ੀ-ਰੋਟੀ ਖੁੱਸਣ ਦੇ ਡਰੋਂ ਨਾਕਾਮ ਹੁੰਦੇ ਰਹੇ, ਪਰ ਇਨ੍ਹਾਂ ਨੌਜਵਾਨਾਂ ਕੋਲ ਗੁਆਉਣ ਲਈ ਕੁਝ ਨਹੀਂ।’ ਉਨ੍ਹਾ ਨੌਜਵਾਨਾਂ ਨੂੰ ਕਿਹਾ ਕਿ ਉਹ ਸੜਕਾਂ ‘ਤੇ ਪ੍ਰੋਟੈੱਸਟ ਕਰਨ ਦੀ ਥਾਂ ਡੂੰਘੀ ਸਿਆਸੀ ਜਾਗਰੂਕਤਾ ਵਿਕਸਤ ਕਰਨ।
ਉਨ੍ਹਾ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਮਾਪਿਆਂ ਵੱਲੋਂ ਵੀ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਨੇ ਵਿਰੋਧ ਪ੍ਰਦਰਸ਼ਨਾਂ ਦੀ ਗਤੀਸ਼ੀਲਤਾ ਨੂੰ ਬਦਲ ਦਿੱਤਾ ਹੈ। ਪਹਿਲਾਂ ਇਸ ‘ਤੇ ਸੱਤਾਧਾਰੀ ਧਿਰ ਦਾ ਦਬਦਬਾ ਸੀ ਪਰ ਹੁਣ ਨੌਜਵਾਨਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾ ਨਾਗਰਿਕਾਂ ਨੂੰ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਲੋਕਾਂ ਨੂੰ ਨਾਗਰਿਕਾਂ ਤੋਂ ਸਿਆਸਤ ਵਿੱਚ ਸ਼ਾਮਲ ਹੋਣ ਦੀ ਉਮੀਦ ਕਰਨ ਦੀ ਬਜਾਏ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾ ਇਹ ਵੀ ਚੇਤਾਵਨੀ ਦਿੱਤੀ ਕਿ ਸਿਰਫ ਭਾਜਪਾ ਜਾਂ ਮੌਜੂਦਾ ਸਰਕਾਰ ਨੂੰ ਹਰਾਉਣਾ ਕਾਫੀ ਨਹੀਂ ਹੋਵੇਗਾ। ਇਸ ਦੇਸ਼ ਵਿੱਚ ਕੋਈ ਵੀ ਵਿਰੋਧੀ ਪਾਰਟੀ ਭਾਜਪਾ ਨੂੰ ਨਹੀਂ ਡੇਗ ਸਕਦੀ। ਸਿਆਸਤ ਵਿੱਚ, ਵਿਰੋਧੀ ਪਾਰਟੀਆਂ ਜਿੱਤਦੀਆਂ ਨਹੀਂ; ਸੱਤਾਧਾਰੀ ਪਾਰਟੀਆਂ ਹਾਰਦੀਆਂ ਹਨ। ਉਨ੍ਹਾ ਕਿਹਾ ਕਿ ਨੌਜਵਾਨਾਂ ਨੂੰ ਵਿਕਲਪ ਚੁਣਦੇ ਸਮੇਂ ਸਿਆਸੀ ਤੌਰ ‘ਤੇ ਜਾਗਰੂਕ ਰਹਿਣਾ ਚਾਹੀਦਾ ਹੈ ਤਾਂ ਜੋ ਇੱਕ ਹੋਰ ਫਾਸ਼ੀਵਾਦੀ ਸ਼ਕਤੀ ਇੱਕ ਵੱਖਰੇ ਰੂਪ ਵਿੱਚ ਸੱਤਾ ਵਿੱਚ ਨਾ ਆਵੇ। ਇਸ ਲਈ ਡੀ ਵਾਈ ਐੱਫ ਆਈ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਨਾ ਸਿਰਫ ਫਾਸ਼ੀਵਾਦੀਆਂ ਨੂੰ ਡੇਗਣ ਲਈ ਲਗਾਤਾਰ ਕੰਮ ਕਰਨਾ ਪਵੇਗਾ, ਸਗੋਂ ਹਰ ਨਾਗਰਿਕ, ਹਰ ਨੌਜਵਾਨ ਨੂੰ ਬਦਲ ਦੀ ਚੋਣ ਕਰਨ ਬਾਰੇ ਜਾਗਰੂਕ ਕਰਨਾ ਪਵੇਗਾ। ਉਨ੍ਹਾ ਕਿਹਾ, ”ਸਿਰਫ ਇਨ੍ਹਾਂ ਫਾਸ਼ੀਵਾਦੀਆਂ ਨੂੰ ਢਾਹੁਣਾ ਕਾਫੀ ਨਹੀਂ ਹੈ; ਜਾਗਰੂਕਤਾ ਆਉਣੀ ਚਾਹੀਦੀ ਹੈ। ਨਿਆਂ ਲਈ ਲੜਨਾ, ਇੱਕ ਬਿਹਤਰ ਸਮਾਜ ਬਣਾਉਣ ਲਈ ਲੜਨਾ ਜੀਵਨ ਦਾ ਇੱਕ ਤਰੀਕਾ ਹੈ।” ਉਨ੍ਹਾ ਨੌਜਵਾਨ ਪੀੜ੍ਹੀ ਨੂੰ ਸਿਆਸੀ ਜਾਗਰੂਕਤਾ ਪੈਦਾ ਕਰਨ ਅਤੇ ਪਿਛਲੀਆਂ ਪੀੜ੍ਹੀਆਂ ਦੁਆਰਾ ਦੇਸ਼ ਨੂੰ ਹੋਏ ਨੁਕਸਾਨ ਦੀ ਮੁਰੰਮਤ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ, ”ਇਹ ਸਿਰਫ ਲੜਾਈ ਨਹੀਂ ਹੈ; ਇਹ ਇੱਕ ਲੰਮਾ ਸਫਰ ਹੈ।”




