ਅਸਲ ਮੁੱਦਾ ਮਣੀਪੁਰ ਦੇ ਲੋਕਾਂ ਦੀ ਅਣਦੇਖੀ : ਕਾਂਗਰਸ

0
3

ਨਵੀਂ ਦਿੱਲੀ : ਮਣੀਪੁਰ ਕਾਂਗਰਸ ਦੇ ਮੁਖੀ ਓ ਇਬੋਬੀ ਸਿੰਘ ਨੇ ਕਿਹਾ ਕਿ ਅਸਲ ਮੁੱਦਾ ਕੇਂਦਰ ਦੀ ਰਾਜ ਦੇ ਲੋਕਾਂ ਦੀਆਂ ਇੱਛਾਵਾਂ ਪ੍ਰਤੀ ਅਣਦੇਖੀ ਹੈ। ਇਬੋਬੀ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਕੋਲ ਵਚਨਬੱਧਤਾ ਅਤੇ ਦ੍ਰਿੜ੍ਹਤਾ ਹੈ, ਤਾਂ ਉਹ ਰਾਜ ਨਾਲ ਸੰਬੰਧਤ ਕਿਸੇ ਵੀ ਮੁੱਦੇ ਨੂੰ ਦੋ ਤੋਂ ਤਿੰਨ ਮਹੀਨਿਆਂ ਵਿੱਚ ਹੱਲ ਕਰ ਸਕਦਾ ਹੈ, ਜਿਸ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ ਆਰ ਸੀ) ਨੂੰ ਲਾਗੂ ਕਰਨਾ ਵੀ ਸ਼ਾਮਲ ਹੈ। ਉਹ ਮਣੀਪੁਰ ਦੇ ਕਈ ਸਿਵਲ ਸੋਸਾਇਟੀ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਕੇਂਦਰੀ ਮੰਤਰੀਆਂ ਅਤੇ ਭਾਜਪਾ ਨੇਤਾਵਾਂ ਨੂੰ ਰਾਜ ਵਿੱਚ ਜਨਗਣਨਾ 2027 ਦੇ ਸੰਚਾਲਨ ਤੋਂ ਪਹਿਲਾਂ ਐੱਨ ਆਰ ਸੀ ਅਪਡੇਟ ਕਰਨ ਦੀ ਆਪਣੀ ਮੰਗ ਤੋਂ ਜਾਣੂ ਕਰਵਾਉਣ ਲਈ ਨਵੀਂ ਦਿੱਲੀ ਪੁੱਜੇ। ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਚਾਹੁੰਦੀ ਹੈ ਤਾਂ ਮਨੀਪੁਰ ਵਿੱਚ ਐੱਨ ਆਰ ਸੀ ਲਾਗੂ ਕਰਨਾ ਕੋਈ ਮੁੱਦਾ ਨਹੀਂ ਹੈ, ਜਨਗਣਨਾ ਤੋਂ ਪਹਿਲਾਂ ਐੱਨ ਆਰ ਸੀ ਨੂੰ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ ਤੇ ਜੇਕਰ ਲੋੜ ਹੋਵੇ, ਤਾਂ ਸੰਵਿਧਾਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਰਾਜ ਬਹੁਤ ਛੋਟਾ ਹੈ। ਜੇਕਰ ਕੇਂਦਰ ਸਰਕਾਰ ਦ੍ਰਿੜ੍ਹ ਅਤੇ ਵਚਨਬੱਧ ਹੈ, ਭਾਵੇਂ ਇਹ ਐੱਨ ਆਰ ਸੀ ਹੋਵੇ ਜਾਂ ਕੋਈ ਹੋਰ ਮੁੱਦਾ, ਤਾਂ ਇਸ ਨੂੰ ਹੱਲ ਕਰਨਾ ਸਿਰਫ ਦੋ-ਤਿੰਨ ਮਹੀਨਿਆਂ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਮਈ 2023 ਤੋਂ ਇੰਫਾਲ ਘਾਟੀ-ਅਧਾਰਤ ਮੀਤੇਈਸ ਅਤੇ ਨਾਲ ਲੱਗਦੀਆਂ ਪਹਾੜੀਆਂ-ਅਧਾਰਤ ਕੁਕੀਆਂ ਵਿਚਕਾਰ ਹਿੰਸਾ ਵਿੱਚ 260 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ।