ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ‘ਚ ਖੰਡ 20 ਰੁਪਏ ਮਹਿੰਗੀ : ਕੇਜਰੀਵਾਲ

0
2

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਲਈ ਮੋਦੀ ਸਰਕਾਰ ਦੇ ਗਲਤ ਫੈਸਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾ ਕਿਹਾ ਕਿ ਗੰਨੇ ਤੋਂ ਈਥਾਨੌਲ ਬਣਾਉਣ ਨਾਲ ਚੀਨੀ ਦਾ ਉਤਪਾਦਨ ਡਿੱਗ ਗਿਆ ਅਤੇ 17 ਦਿਨਾਂ ਵਿੱਚ ਖੰਡ 20 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਗਈ।ਇਹ ਲੋਕ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾ ਕੇ ਤੇਲ ਦਰਾਮਦ ‘ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਦੀ ਗੱਲ ਕਰ ਰਹੇ ਸਨ।ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਉਹੀ ਵਿਦੇਸ਼ੀ ਮੁਦਰਾ ਖਰਚ ਕੇ ਖੰਡ ਦਰਾਮਦ ਕਰਨ ਦੀ ਨੌਬਤ ਆ ਗਈ ਹੈ। ਇਹ ਸਰਕਾਰ ਹੈ ਜਾਂ ਮਜ਼ਾਕ? ਪੂਰੀ ਦੀ ਪੂਰੀ ਅਨਪੜ੍ਹਾਂ ਦੀ ਸਰਕਾਰ ਹੈ।ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਕਰਨ ਨਾਲ ਕੀ ਹੋਵੇਗਾ? ਵੀਰਵਾਰ ਇੱਕ ਵੀਡੀਓ ਜਾਰੀ ਕਰਕੇ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ, ਜਿਵੇਂ ਮੋਦੀ ਸਰਕਾਰ ਬਿਲਕੁਲ ਅਨਪੜ੍ਹ ਲੋਕਾਂ ਦੀ ਸਰਕਾਰ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਫੈਸਲਾ ਲੈ ਰਹੇ ਹਨ ਅਤੇ ਉਸ ਦਾ ਕੀ ਅਸਰ ਹੋਵੇਗਾ।ਇਹਨਾਂ ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕੀਤਾ ਅਤੇ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾਉਣਾ ਚਾਲੂ ਕਰ ਦਿੱਤਾ।ਕਿਹਾ ਗਿਆ ਕਿ ਇਸ ਨਾਲ ਪੈਟਰੋਲ ਬਚੇਗਾ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਤੇਲ ਦਰਾਮਦ ਕਰਨ ਲਈ ਖਰਚ ਕਰਦੇ ਹਾਂ।ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਨਾਲ ਦੇਸ਼ ਵਿੱਚ ਗੰਨੇ ਅਤੇ ਖੰਡ ਦੀ ਭਾਰੀ ਕਮੀ ਹੋ ਗਈ। ਖੰਡ ਦੀ ਕਮੀ ਦੇ ਕਾਰਨ ਪਿਛਲੇ 17 ਦਿਨਾਂ ਵਿੱਚ ਇਸ ਦੇ ਮੁੱਲ 20 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ। 17 ਦਿਨ ਪਹਿਲਾਂ ਜੋ ਖੰਡ 46 ਰੁਪਏ ਕਿੱਲੋ ਸੀ, ਉਹ ਹੁਣ 65 ਰੁਪਏ ਕਿੱਲੋ ਹੋ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡਾ ਦੇਸ਼ ਖੰਡ ਐਕਸਪੋਰਟ ਕਰਦਾ ਸੀ, ਪਰ ਹੁਣ ਇੰਪੋਰਟ ਕਰਨ ਦੀ ਪਲਾਨਿੰਗ ਕਰ ਰਿਹਾ ਹੈ।ਤੇਲ ‘ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਲਈ ਈਥਾਨੌਲ ਬਣਾਇਆ ਗਿਆ ਅਤੇ ਹੁਣ ਉਸੇ ਵਿਦੇਸ਼ੀ ਮੁਦਰਾ ਨੂੰ ਅਸੀਂ ਖੰਡ ਇੰਪੋਰਟ ਕਰਨ ‘ਤੇ ਖਰਚ ਕਰਾਂਗੇ।ਇੱਕ ਪਾਸੇ ਈਥਾਨੌਲ ਵਾਲੇ ਪੈਟਰੋਲ ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਮਾਈਲੇਜ ਡਿੱਗ ਰਹੀ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਹੁਣ ਮਹਿੰਗੀ ਚੀਨੀ ਖਰੀਦਣੀ ਪੈ ਰਹੀ ਹੈ। ਸਰਕਾਰ ਫੈਸਲੇ ਲੈਂਦੀ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਕੀ ਅਸਰ ਹੋਣ ਵਾਲਾ ਹੈ।ਜਦੋਂ ਗੰਨੇ ਨੂੰ ਈਥਾਨੌਲ ਲਈ ਡਾਇਵਰਟ ਕੀਤਾ ਗਿਆ, ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਏਨਾ ਗੰਨਾ ਈਥਾਨੌਲ ਵਿੱਚ ਜਾਵੇਗਾ ਤਾਂ ਖੰਡ ਕਿੱਥੋਂ ਆਵੇਗੀ? ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਵਿੱਚ ਉਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਅਨਪੜ੍ਹ ਹਨ ਕੀ? ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਹਨ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ।ਨੋਟਬੰਦੀ ਵਿੱਚ ਪੂਰੇ ਦੇਸ਼ ਵਿੱਚ ਕਈ ਲੋਕ ਮਾਰੇ ਗਏ।ਕੋਰੋਨਾ ਆਇਆ ਤਾਂ ਲੋਕਾਂ ਨੂੰ ਆਕਸੀਜਨ ਸਿਲੰਡਰ ਸਪਲਾਈ ਕਰਨ ਦੀ ਬਜਾਏ ਥਾਲੀ ਵਜਾਉਣ ਲਈ ਕਿਹਾ ਗਿਆ। ਅਜਿਹਾ ਲੱਗਦਾ ਹੈ ਕਿ ਪੂਰੀ ਦੀ ਪੂਰੀ ਸਰਕਾਰ ਅਨਪੜ੍ਹ ਲੋਕਾਂ ਦੀ ਹੈ, ਪਰ ਕਸੂਰ ਸਾਡਾ ਆਪਣਾ ਹੈ ਕਿ ਅਸੀਂ ਇਹਨਾਂ ਅਨਪੜ੍ਹ ਲੋਕਾਂ ਨੂੰ ਵੋਟ ਦੇ ਕੇ ਉੱਥੇ ਬਿਠਾ ਦਿੱਤਾ, ਜਿਹਨਾਂ ਨੂੰ ਕੋਈ ਅਕਲ ਨਹੀਂ। ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਅਤੇ ਦੁਖੀ ਅਸੀਂ ਲੋਕ ਹੋ ਰਹੇ ਹਾਂ।