ਸੁਣ ਮੇਰੀ ਬਿੱਲੋ, ਖੰਡ 70 ਦੀ ਕਿੱਲੋ

0
7

ਕੋਲਕਾਤਾ (ਨ ਜ਼ ਸ)
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੋਲਕਾਤਾ ਵਿੱਚ ਪ੍ਰਚੂਨ ਖੰਡ ਦੀਆਂ ਕੀਮਤਾਂ 70 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਹਨ। ਵਪਾਰੀਆਂ ਨੇ ਖੰਡ ਤੇ ਗੁੜ ਦੀਆਂ ਕੀਮਤਾਂ ਹੋਰ ਵਧਣ ਦੀ ਚੇਤਾਵਨੀ ਦਿੱਤੀ ਹੈ। ਕੇਂਦਰ ਵੱਲੋਂ ਖੰਡ ਮਿੱਲਾਂ ਨੂੰ ਦਸ ਲੱਖ ਟਨ ਕੱਚੀ ਖੰਡ ਆਯਾਤ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਵੀ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਉਪਾਅ ਆਖਰੀ ਵਾਰ ਲੱਗਭੱਗ ਇੱਕ ਦਹਾਕਾ ਪਹਿਲਾਂ ਵਰਤਿਆ ਗਿਆ ਸੀ। ਹਾਲਾਂਕਿ ਵਪਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਅਜੇ ਤੱਕ ਪ੍ਰਚੂਨ ਕੀਮਤਾਂ ‘ਤੇ ਕੋਈ ਅਸਰ ਨਹੀਂ ਪਿਆ ਹੈ। ਕਨਫੈਡਰੇਸ਼ਨ ਆਫ ਵੈਸਟ ਬੰਗਾਲ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਪੋਦਾਰ ਨੇ ਕਿਹਾ ਕਿ ਖੰਡ ਮਿੱਲਾਂ ‘ਤੇ ਢੁੱਕਵੇਂ ਕੰਟਰੋਲ ਨਾ ਰੱਖਣ ਕਾਰਨ ਥੋਕ ਕੀਮਤਾਂ ਵਧੀਆਂ ਹਨ। ਥੋਕ ਕੀਮਤਾਂ ਪਹਿਲਾਂ ਹੀ 65 ਰੁਪਏ ਪ੍ਰਤੀ ਕਿੱਲੋ ਤੱਕ ਵਧ ਗਈਆਂ ਹਨ ਅਤੇ ਪ੍ਰਚੂਨ ਕੀਮਤਾਂ ਲੱਗਭੱਗ 70 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਣਗੀਆਂ।
ਉਨ੍ਹਾ ਅੱਗੇ ਕਿਹਾ, ”ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਚਿੰਤਾ ਦਾ ਵਿਸ਼ਾ ਹੈ। ਸਰਕਾਰ ਵੱਲੋਂ 10 ਲੱਖ ਟਨ ਕੱਚੀ ਖੰਡ ਦੀ ਦਰਾਮਦ ਦੀ ਆਗਿਆ ਦੇਣਾ ਵਾਧੇ ਨੂੰ ਰੋਕਣ ਲਈ ਕਾਫੀ ਨਹੀਂ ਹੋਵੇਗਾ ਅਤੇ ਹੋਰ ਦਖਲਅੰਦਾਜ਼ੀ ਦੀ ਲੋੜ ਹੈ। 10 ਲੱਖ ਟਨ ਸਿਰਫ ਇੱਕ ਪੰਦਰਵਾੜੇ ਦੀ ਘਰੇਲੂ ਮੰਗ ਹੈ।”
ਵਪਾਰੀਆਂ ਨੇ ਕਿਹਾ ਕਿ ਬ੍ਰਾਜ਼ੀਲ ਵਿੱਚ ਖੰਡ ਦੇ ਘੱਟ ਉਤਪਾਦਨ ਨੇ ਵੀ ਕੀਮਤਾਂ ‘ਤੇ ਦਬਾਅ ਵਧਾਇਆ ਹੈ। ਇੱਕ ਪ੍ਰਮੁੱਖ ਖੰਡ ਮਿੱਲ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਪਿੜਾਈ ਅਪ੍ਰੈਲ ਵਿੱਚ ਖਤਮ ਹੋ ਗਈ ਸੀ ਅਤੇ ਮਿੱਲਾਂ ਇਸ ਸਮੇਂ ਸਟਾਕ ਜਾਰੀ ਕਰ ਰਹੀਆਂ ਹਨ, ਜਿਸ ਨਾਲ ਮਿੱਲਾਂ ਲਈ ਇਸ ਪੜਾਅ ‘ਤੇ ਕਾਰਵਾਈ ਕਰਨ ਦੀ ਬਹੁਤ ਘੱਟ ਗੁੰਜਾਇਸ਼ ਬਚੀ ਹੈ।
ਮਈ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ ਖੰਡ ਸਾਲ-2026 ਲਈ ਕੁੱਲ ਖੰਡ ਉਤਪਾਦਨ ਪਿਛਲੇ ਸਾਲ ਦੇ 296 ਲੱਖ ਟਨ ਤੋਂ 5.03 ਫੀਸਦੀ ਵਧ ਕੇ 311 ਲੱਖ ਟਨ ਹੋਣ ਦਾ ਅਨੁਮਾਨ ਸੀ। 31 ਲੱਖ ਟਨ ਦੇ ਈਥਾਨੌਲ ਵੱਲ ਜਾਣ ਤੋਂ ਬਾਅਦ, ਸ਼ੁੱਧ ਖੰਡ ਉਤਪਾਦਨ 280 ਲੱਖ ਟਨ ਹੋਣ ਦਾ ਅਨੁਮਾਨ ਸੀ। ਘਰੇਲੂ ਖਪਤ 283 ਲੱਖ ਟਨ ਹੋਣ ਦਾ ਅਨੁਮਾਨ ਹੈ ਅਤੇ 7 ਲੱਖ ਟਨ ਦਾ ਨਿਰਯਾਤ ਪਹਿਲਾਂ ਹੀ ਹੋ ਚੁੱਕਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2027 ਦੇ ਸੀਜ਼ਨ ਨੂੰ ਅਲ ਨੀਨੋ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਖੰਡ ਦਾ ਉਤਪਾਦਨ ਘਟ ਸਕਦਾ ਹੈ।
ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੇ ਸ਼ੁੱਕਰਵਾਰ ਈ-20 ਨੀਤੀ ਦੀ ਤੁਰੰਤ ਸਮੀਖਿਆ ਕਰਨ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਇੱਕ ‘ਲੋਕ ਵਿਰੋਧੀ’ ਈਂਧਣ ਨੀਤੀ, ਜੋ ਵਾਹਨਾਂ ਦੇ ਚੱਲਣ ਅਤੇ ਰਸੋਈ ਦੇ ਖਰਚਿਆਂ ਨੂੰ ਮਹਿੰਗਾ ਬਣਾਉਂਦੀ ਹੈ, ਦੇਸ਼ ਨੂੰ ਕਦੇ ਮਨਜ਼ੂਰ ਨਹੀਂ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ (ਐੱਕਸ) ‘ਤੇ ਇੱਕ ਹਿੰਦੀ ਅਖਬਾਰ ਦੀ ਰਿਪੋਰਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਖੰਡ 40 ਫੀਸਦੀ, ਗੁੜ 24 ਫੀਸਦੀ, ਚੌਲ 16 ਫੀਸਦੀ ਅਤੇ ਮੱਕੀ ਦਾ ਆਟਾ 11 ਫੀਸਦੀ ਮਹਿੰਗਾ ਹੋ ਗਿਆ ਹੈ।
ਰਮੇਸ਼ ਨੇ ਕਿਹਾ, ”ਈਥਾਨੌਲ ਉਤਪਾਦਨ ਵਿੱਚ ਸ਼ਾਮਲ ਆਪਣੇ ਕਰੀਬੀਆਂ ਦੇ ਮੁਨਾਫੇ ਨੂੰ ਵੱਧ ਤੋਂ ਵੱਧ ਕਰਨ ਦੀ ਜਲਦਬਾਜ਼ੀ ਵਿੱਚ, ਵਾਹਨ ਮਾਲਕਾਂ ਦੀਆਂ ਈਂਧਣ ਚੋਣਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ, ਜਦੋਂ ਕਿ ਵਾਹਨ ਦੀ ਮਾਈਲੇਜ ਅਤੇ ਈ-20 ਈਂਧਣ ਨਾਲ ਅਨੁਕੂਲਤਾ ਬਾਰੇ ਗੰਭੀਰ ਚਿੰਤਾਵਾਂ ਅਜੇ ਵੀ ਬਣੀਆਂ ਹੋਈਆਂ ਹਨ।”