ਇਮਰਾਨ ਖਾਨ ਨੂੰ ਫਿਰ ਭੇਜਿਆ ਜੇਲ੍ਹ

0
7

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਲਾਜ ਲਈ ਸ਼ੁੱਕਰਵਾਰ ਤੜਕੇ ਅਡਿਆਲਾ ਜੇਲ੍ਹ ਤੋਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਨ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਖਾਨ ਨੂੰ ਇਸਲਾਮਾਬਾਦ ਦੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਅਦਾਲਤ ਦੇ 18 ਅਗਸਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦਾਖ਼ਲ ਕਰਵਾਇਆ ਗਿਆ ਸੀ। ਇਮਰਾਨ ਦੀ ਚੈੱਕਅੱਪ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਨਹੀਂ ਹੈ ਤੇ ਉਸ ਨੂੰ ਜੇਲ੍ਹ ਵਿਚ ਹੀ ਰੱਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਭਾਰੀ ਸੁਰੱਖਿਆ ਦਰਮਿਆਨ ਉਸ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਲਿਜਾਇਆ ਗਿਆ।
ਭਾਜਪਾ ਨਾਲ ਗੱਠਜੋੜ ਲਈ ਕਾਹਲੇ ਪੈ ਗਏ ਮਜੀਠੀਆ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁੜ ਇੱਕਜੁੱਟ ਹੋਣ। ਉਨ੍ਹਾ ਸਪੱਸ਼ਟ ਕੀਤਾ ਕਿ ਇਸ ਸੰਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ। ਮਜੀਠੀਆ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ-ਵੱਖ ਹੋ ਗਏ ਸਨ, ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਸੂਬੇ ਵਿੱਚ ਦਿਨ-ਬ-ਦਿਨ ਵਿਗੜ ਰਹੀ ਕਾਨੂੰਨ ਤੇ ਵਿਵਸਥਾ (ਲਾਅ ਐਂਡ ਆਰਡਰ) ਦੀ ਸਥਿਤੀ ਅਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਹਨ ਕਿ ਦੋਵਾਂ ਧਿਰਾਂ ਨੂੰ ਮੁੜ ਇੱਕ ਨਾਲ ਆਉਣਾ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ, ਪ੍ਰਗਤੀ ਅਤੇ ਲੋਕਾਂ ਦੀ ਭਲਾਈ ਲਈ ਜੋ ਗੱਠਜੋੜ ਪਹਿਲਾਂ ਮਦਦਗਾਰ ਸਾਬਤ ਹੋਏ ਸਨ, ਉਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ।
ਡੀ ਏ ਸੰਬੰਧੀ ਹੁਕਮ ਅਦੂਲੀ ਕੇਸ ‘ਚ ਨੋਟਿਸ
ਚੰਡੀਗੜ੍ਹ (ਸੁਰਜੀਤ ਸੁਮਨ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ (ਡੀ.ਏ.) ਜਾਰੀ ਨਾ ਕੀਤੇ ਜਾਣ ਸੰਬੰਧੀ ਪੈਨਸ਼ਨਰਾਂ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਤਹਿਤ ਦਾਇਰ ਕੀਤੇ ਗਏ ਕੰਟੈਂਪਟ ਆਫ ਕੋਰਟ ਮਾਮਲੇ ਵਿੱਚ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਹੈ। ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 27 ਅਕਤੂਬਰ ਨੂੰ ਤੈਅ ਕੀਤੀ ਹੈ। ਦਾਇਰ ਕੀਤੀ ਅਪੀਲ ਵਿੱਚ ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ ਨੂੰ ਧਿਰ ਬਣਾਇਆ ਗਿਆ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਹਾਈਕੋਰਟ ਵੱਲੋਂ ਕੋਈ ਸਖ਼ਤ ਹੁਕਮ ਜਾਰੀ ਹੋਣ ਦੀ ਪੂਰੀ ਉਮੀਦ ਸੀ, ਪਰ ਫਿਲਹਾਲ ਇਹ ਕੇਸ ਹੁਣ 27 ਅਕਤੂਬਰ ‘ਤੇ ਜਾ ਪਿਆ ਹੈ। ਪੈਨਸ਼ਨਰ ਆਗੂਆਂ ਡਾ. ਐੱਨ.ਕੇ. ਕਲਸੀ, ਸ਼ਾਮ ਲਾਲ ਸ਼ਰਮਾ ਅਤੇ ਗੁਰਬਖ਼ਸ਼ ਸਿੰਘ ਨੇ ਇਹ ਜਾਣਕਾਰੀ ਦਿੱਤੀ।
ਪੰਜਾਬ ‘ਚ 3 ਲੱਖ ਵੇਲਾ ਵਿਹਾ ਚੁੱਕੇ ਵਾਹਨ
ਨਵੀਂ ਦਿੱਲੀ : ਪੰਜਾਬ ਵਿੱਚ ਹਾਲਾਂਕਿ 11 ਤੋਂ 28 ਫੀਸਦੀ ਸੁਪਰ-ਐਮੀਟਰ ਵਾਹਨ (ਆਮ ਨਾਲੋਂ ਵੱਧ ਪ੍ਰਦੂਸ਼ਣ ਛੱਡਣ ਵਾਲੇ) ਹਨ, ਪਰ ਇਹ ਪ੍ਰਦੂਸ਼ਣ ਫੈਲਾਉਣ ਵਿੱਚ 70 ਫੀਸਦੀ ਤੋਂ ਵੱਧ ਹਿੱਸਾ ਪਾਉਂਦੇ ਹਨ। ਇਹ ਖੁਲਾਸਾ ਸੈਂਟਰ ਫਾਰ ਸਟੱਡੀ ਆਫ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ ਨੇ ‘ਪਾਥਵੇਅਜ਼ ਫਾਰ ਕਲੀਨ ਟ੍ਰਾਂਸਪੋਰਟੇਸ਼ਨ ਇਨ ਪੰਜਾਬ’ ਸਿਰਲੇਖ ਵਾਲੇ ਅਧਿਐਨ ਵਿੱਚ ਕੀਤਾ ਹੈ। ਸ਼ੁੱਕਰਵਾਰ ਨੂੰ ਇੰਡੀਆ ਕਲੀਨ ਏਅਰ ਸਮਿਟ-2026 ਵਿੱਚ ਜਾਰੀ ਕੀਤੇ ਗਏ ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਲਗਪਗ 3 ਲੱਖ ਵਾਹਨ ਹਨ, ਜੋ ਸਕ੍ਰੈਪਿੰਗ ਲਈ ਯੋਗ ਹੋ ਸਕਦੇ ਹਨ, ਜਿਸ ਲਈ ਸੂਬੇ ਨੂੰ 15 ਕਾਰਜਸ਼ੀਲ ਰਜਿਸਟਰਡ ਵਾਹਨ ਸਕ੍ਰੈਪਿੰਗ ਸਹੂਲਤਾਂ ਦੀ ਲੋੜ ਹੈ। ਇਸ ਵੇਲੇ ਸਿਰਫ ਪੰਜ ਹਨ ਅਤੇ 10 ਹੋਰ ਅਜਿਹੀਆਂ ਸਹੂਲਤਾਂ ਬਣਾਉਣ ਲਈ ਲਗਪਗ 140 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੋਵੇਗੀ। ਅਧਿਐਨ ਦੇ ਹਿੱਸੇ ਵਜੋਂ, ਛੇ ਜ਼ਿਲ੍ਹਿਆਂ—ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਗਾ ਅਤੇ ਹੁਸ਼ਿਆਰਪੁਰ ਵਿੱਚ ਸਰਵੇਖਣ ਕੀਤੇ ਗਏ ਸਨ।
ਐੱਮ ਪੀ ਔਜਲਾ ਦੇ ਰਿਸ਼ਤੇਦਾਰ ਦੇ ਘਰ ਗ੍ਰਨੇਡ ਹਮਲਾ, 3 ਜ਼ਖ਼ਮੀ
ਅੰਮ੍ਰਿਤਸਰ : ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸਰਹੱਦੀ ਪਿੰਡ ਜੱਟਾ ਦੇ ਇੱਕ ਘਰ ਉੱਪਰ ਗ੍ਰਨੇਡ ਹਮਲੇ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਵੀਰਵਾਰ ਰਾਤ ਪੌਣੇ ਨੌਂ ਵਜੇ ਦੇ ਕਰੀਬ ਸਾਬਕਾ ਫ਼ੌਜੀ ਨਿਰਮਲ ਸਿੰਘ ਦੇ ਘਰ ਦੋ ਗ੍ਰਨੇਡ ਸੁੱਟੇ ਗਏ ਨਾਲ ਹਮਲਾ ਕੀਤਾ ਗਿਆ। ਪਹਿਲਾ ਸਵਿਫ਼ਟ ਕਾਰ ‘ਤੇ ਵੱਜਾ, ਜਿਸ ਨਾਲ ਉਸ ਦਾ ਭਾਰੀ ਨੁਕਸਾਨ ਹੋਇਆ। ਦੂਜੇ ਗ੍ਰਨੇਡ ਨਾਲ ਨਿਰਮਲ ਸਿੰਘ ਦਾ 30 ਸਾਲਾ ਪੁੱਤਰ ਜਸਪਾਲ ਸਿੰਘ, ਜਸਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਅਤੇ ਬੇਟੀ ਗੰਭੀਰ ਜ਼ਖ਼ਮੀ ਹੋ ਗਏ। ਹਮਲੇ ਦੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਖ਼ਤ ਨਿੰੰਦਾ ਕਰਦਿਆਂ ਕਿਹਾ ਕਿ ਪੀੜਤ ਪਰਵਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੈ ਅਤੇ ਇਹ ਪਰਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ।