ਮੈਡਮ ਦੇ ਥੱਪੜ ਨੇ ਲਈ 6 ਸਾਲਾ ਮਾਸੂਮ ਦੀ ਜਾਨ

0
8

ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ (ਵਿਜ਼ਾਗ) ਸਥਿਤ ਇੱਕ ਨਿੱਜੀ ਸਕੂਲ ‘ਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਅਧਿਆਪਕਾ ਵੱਲੋਂ ਥੱਪੜ ਮਾਰੇ ਜਾਣ ਤੋਂ ਬਾਅਦ ਛੇ ਸਾਲਾ ਮਾਸੂਮ ਬੱਚੇ ਦੀ ਜਮਾਤ ਵਿੱਚ ਹੀ ਮੌਤ ਹੋ ਗਈ। ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਕਿੰਡਰਗਾਰਟਨ (ਕੇ.ਜੀ.) ਦਾ ਵਿਦਿਆਰਥੀ ਆਪਣਾ ਹੋਮਵਰਕ ਚੈੱਕ ਕਰਵਾਉਣ ਲਈ ਅਧਿਆਪਕਾ ਦੀ ਡੈਸਕ ਕੋਲ ਲਾਈਨ ਵਿੱਚ ਖੜ੍ਹਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਆਪਣੀ ਸਲੇਟ ਲੈ ਕੇ ਖੜ੍ਹਾ ਸੀ ਅਤੇ ਕਾਫ਼ੀ ਘਬਰਾਇਆ ਹੋਇਆ ਰੋ ਰਿਹਾ ਸੀ। ਅਧਿਆਪਕਾ ਨੇ ਜਦੋਂ ਉਸ ਦੀ ਵਰਦੀ ਨੂੰ ਫੜਿਆ ਤਾਂ ਬੱਚਾ ਹੱਥ ਹਿਲਾ ਕੇ ਵਿਰੋਧ ਕਰਨ ਲੱਗਾ। ਇਸ ਤੋਂ ਬਾਅਦ ਅਧਿਆਪਕਾ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਕੇ ਉਸ ਦੇ ਥੱਪੜ ਮਾਰ ਦਿੱਤਾ। ਥੱਪੜ ਲੱਗਣ ਤੋਂ ਬਾਅਦ ਬੱਚਾ ਕੁਝ ਪਲ ਲਈ ਸ਼ਾਂਤ ਖੜ੍ਹਾ ਰਿਹਾ ਅਤੇ ਫਿਰ ਅਚਾਨਕ ਬੇਹੋਸ਼ ਹੋ ਕੇ ਅਧਿਆਪਕਾ ਦੀ ਗੋਦ ਵਿੱਚ ਡਿੱਗ ਪਿਆ। ਅਧਿਆਪਕਾ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਸਕੂਲ ਸਟਾਫ਼ ਵੱਲੋਂ ਹਸਪਤਾਲ ਲੈ ਕੇ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਮਾਸੂਮ ਦੇ ਪਰਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ। ਪੁਲਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਸ਼ੱਕੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।