ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ ਸੀ ਈ ਆਰ ਟੀ) ਨੇ 11ਵੀਂ ਅਤੇ 12ਵੀਂ ਜਮਾਤ ਲਈ ਰਾਜਨੀਤੀ ਸ਼ਾਸਤਰ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਇੱਕ ਨਵੀਂ ਟੀਮ ਬਣਾਈ ਹੈ। ਇਸ ਟੀਮ ਵਿੱਚ ਘੱਟੋ-ਘੱਟ ਚਾਰ ਮੈਂਬਰ ਅਜਿਹੇ ਹਨ, ਜੋ ਭਾਜਪਾ ਜਾਂ ਇਸ ਨਾਲ ਜੁੜੇ ਸੰਗਠਨਾਂ ਨਾਲ ਜੁੜੇ ਰਹੇ ਹਨ। ਨਵੀਂ ਟੀਮ ਨੂੰ ਇਸ ਸਾਲ ਨਵੰਬਰ ਤੱਕ 11ਵੀਂ ਜਮਾਤ ਲਈ ਨਵੀਂ ਪਾਠ ਪੁਸਤਕ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ 12ਵੀਂ ਜਮਾਤ ਦੀ ਪਾਠ ਪੁਸਤਕ ਤਿਆਰ ਕਰਨ ਦੀ ਆਖਰੀ ਮਿਤੀ ਜੁਲਾਈ 2027 ਨਿਰਧਾਰਤ ਕੀਤੀ ਗਈ ਹੈ।
ਐੱਨ ਸੀ ਈ ਆਰ ਟੀ ਦੇ ਨੋਟੀਫਿਕੇਸ਼ਨ ਮੁਤਾਬਕ ਟੀਮ ਨੂੰ ਪਾਠਕ੍ਰਮ ਵਿੱਚ ‘ਸੱਭਿਆਚਾਰਕ ਜੜ੍ਹਾਂ ਨਾਲ ਜੁੜਨ’ ਅਤੇ ‘ਭਾਰਤੀ ਗਿਆਨ ਪ੍ਰਣਾਲੀ’ ਨੂੰ ਸ਼ਾਮਲ ਕਰਨ ਦਾ ਕੰਮ ਸੌਂਪਿਆ ਗਿਆ ਹੈ। ਟੀਮ ਦੀ ਅਗਵਾਈ ਸਿੱਖਿਆ ਸ਼ਾਸਤਰੀ ਅਤੇ ਸਿਆਸੀ ਵਿਸ਼ਲੇਸ਼ਕ ਸੰਦੀਪ ਸ਼ਾਸਤਰੀ ਕਰਨਗੇ, ਜੋ ਕਰਨਾਟਕ ਸਥਿਤ ਡੀਮਡ ਯੂਨੀਵਰਸਿਟੀ ਐੱਨ ਆਈ ਟੀ ਟੀ ਦੇ ਉਪ-ਪ੍ਰਧਾਨ ਹਨ। ਹੋਰਨਾਂ ਮੈਂਬਰਾਂ ਵਿੱਚ ਯਦੁਨਾਥ ਦੇਸ਼ਪਾਂਡੇ ਤੇ ਵੰਦਨਾ ਮਿਸ਼ਰਾ ਸ਼ਾਮਲ ਹਨ, ਜੋ ਕਿ ਆਰ ਐੱਸ ਐੱਸ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨਾਲ ਜੁੜੇ ਰਹੇ ਹਨ। ਪ੍ਰਸ਼ਾਂਤ ਦਿਵੇਕਰ ਤੇ ਰਵੀ ਰਾਮਚੰਦਰ ਸ਼ੁਕਲਾ ਦੇ ਵੀ ਆਰ ਐੱਸ ਐੱਸ ਨਾਲ ਸੰਬੰਧਤ ਸੰਗਠਨਾਂ ਨਾਲ ਸੰਬੰਧ ਰਹੇ ਹਨ। ਦੇਸ਼ਪਾਂਡੇ ਇਸ ਸਮੇਂ ਸਿੱਖਿਆ ਮੰਤਰਾਲੇ ਵਿੱਚ ਇੱਕ ਸੀਨੀਅਰ ਸਲਾਹਕਾਰ ਹਨ। ਉਹ ਮਹਾਰਾਸ਼ਟਰ ਵਿੱਚ ਏ ਬੀ ਵੀ ਪੀ ਦੇ ਸੰਯੁਕਤ ਰਾਜ ਸੰਗਠਨ ਸਕੱਤਰ ਅਤੇ ਏ ਬੀ ਵੀ ਪੀ ਦੇ ਮੁੰਬਈ-ਕੋਂਕਣ ਸੰਗਠਨ ਦੇ ਸੰਗਠਨ ਸਕੱਤਰ ਰਹਿ ਚੁੱਕੇ ਹਨ। ਉਹ ਭਾਜਪਾ ਲਈ ਸਿਆਸੀ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਵੰਦਨਾ ਮਿਸ਼ਰਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੇ ਸੈਂਟਰ ਫਾਰ ਪੋਲੀਟੀਕਲ ਸਟੱਡੀਜ਼ ਵਿੱਚ ਪ੍ਰੋਫੈਸਰ ਹੈ ਅਤੇ ਏ ਬੀ ਵੀ ਪੀ ਦੀ ਸਾਬਕਾ ਰਾਸ਼ਟਰੀ ਸਕੱਤਰ ਹੈ। ਦਿਵੇਕਰ ਪੁਣੇ ਸਥਿਤ ਗਿਆਨ ਪ੍ਰਬੋਧਿਨੀ ਨਾਲ ਜੁੜੇ ਹੋਏ ਹਨ, ਜੋ ਕਿ 1962 ਵਿੱਚ ਆਰ ਐੱਸ ਐੱਸ ਨੇਤਾ ਵਿਨਾਇਕ ਵਿਸ਼ਵਨਾਥ ਵੱਲੋਂ ਸਥਾਪਤ ਆਰ ਐੱਸ ਐੱਸ ਨਾਲ ਸੰਬੰਧਤ ਸੰਗਠਨ ਹੈ। ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੇ ਨੈਸ਼ਨਲ ਮਿਸ਼ਨ ਫਾਰ ਮੈਂਟਰਿੰਗ ਪੋਰਟਲ ‘ਤੇ ਆਪਣੀ ਪ੍ਰੋਫਾਈਲ ਵਿੱਚ ਦਿਵੇਕਰ ਆਪਣੇ ਦ੍ਰਿਸ਼ਟੀਕੋਣ ਨੂੰ ‘ਭਾਰਤੀ ਵਿੱਦਿਅਕ ਦਰਸ਼ਨ ‘ਤੇ ਅਧਾਰਤ’ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾ ਨੇ ਰਾਸ਼ਟਰੀ ਪਾਠਕ੍ਰਮ ਢਾਂਚੇ ਵਿੱਚ ਯੋਗਦਾਨ ਪਾਇਆ ਹੈ। ਸ਼ੁਕਲਾ ਜੇ ਐੱਨ ਯੂ ਵਿਖੇ ਤੁਲਨਾਤਮਕ ਰਾਜਨੀਤੀ ਅਤੇ ਰਾਜਨੀਤਕ ਸਿਧਾਂਤ ਕੇਂਦਰ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹਨ। ਉਹ ਆਰ ਐੱਸ ਐੱਸ ਨਾਲ ਸੰਬੰਧਤ ਇੰਡੀਅਨ ਇੰਸਟੀਚਿਊਟ ਆਫ ਡੈਮੋਕ੍ਰੇਟਿਕ ਲੀਡਰਸ਼ਿਪ-ਰੰਭਾਊ ਮਹਾਲਗੀ ਪ੍ਰਬੋਧਿਨੀ ਨਾਲ ਜੁੜੇ ਹੋਏ ਹਨ। ਸ਼ੁਕਲਾ ਇਸ ਸੰਗਠਨ ਵੱਲੋਂ ਪ੍ਰਕਾਸ਼ਤ ਇੰਡੀਅਨ ਜਰਨਲ ਆਫ ਡੈਮੋਕ੍ਰੇਟਿਕ ਗਵਰਨੈਂਸ ਦੇ ਸੰਪਾਦਕੀ ਬੋਰਡ ਦੇ ਮੈਂਬਰ ਵੀ ਹਨ।
ਜੇ ਐੱਨ ਯੂ ਤੋਂ ਪ੍ਰਕਾਸ਼ ਕੰਡਪਾਲ, ਨੈਸ਼ਨਲ ਲਾਅ ਯੂਨੀਵਰਸਿਟੀ ਤੋਂ ਨਿਧੀ ਗੁਪਤਾ, ਚਾਣਕਿਆ ਯੂਨੀਵਰਸਿਟੀ ਤੋਂ ਚੇਤਨ ਸਿੰਘਈ, ਦਿੱਲੀ ਯੂਨੀਵਰਸਿਟੀ ਤੋਂ ਸੁਕਾਂਸ਼ਿਕਾ ਵਤਸਾ, ਇਗਨੂ ਤੋਂ ਸਤੀਸ਼ ਕੁਮਾਰ, ਨੈਸ਼ਨਲ ਯੂਨੀਵਰਸਿਟੀ ਆਫ ਸਟੱਡੀ ਐਂਡ ਰਿਸਰਚ ਇਨ ਲਾਅ ਤੋਂ ਦੇਵਾਂਸ਼ੂ ਸ੍ਰੀਵਾਸਤਵ, ਜਿੰਦਲ ਗਲੋਬਲ ਲਾਅ ਸਕੂਲ ਤੋਂ ਪ੍ਰਣਵ ਗੁਪਤਾ, ਪਾਂਡੀਚੇਰੀ ਯੂਨੀਵਰਸਿਟੀ ਤੋਂ ਨੰਦਾ ਕਿਸ਼ੋਰ ਅਤੇ ਉਤਕਲ ਯੂਨੀਵਰਸਿਟੀ ਤੋਂ ਸਵਪਨਾ ਪ੍ਰਭੂ ਵੀ ਟੀਮ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਦੇ ਇਲਾਵਾ ਐੱਨ ਸੀ ਈ ਆਰ ਟੀ ਦੀ ਸਵਿਤਾ ਸਾਗਰ, ਬੇਂਗਲੁਰੂ ਦੇ ਸਰਕਾਰੀ ਫਸਟ ਗ੍ਰੇਡ ਕਾਲਜ ਤੋਂ ਐੱਮ ਐੱਨ ਸੁਰੇਸ਼ ਕੁਮਾਰ, ਨਵੀਂ ਮੁੰਬਈ ਨਗਰ ਨਿਗਮ ਸਕੂਲ ਤੋਂ ਡਾਇਨਾ ਇਸਾਬੇਲ ਅਤੇ ਐੱਸ ਐੱਚ ਵੀ ਐੱਨ ਐੱਮ ਸਰਕਾਰੀ ਪੀ ਯੂ ਕਾਲਜ ਫਾਰ ਗਰਲਜ਼ ਤੋਂ ਐਨ ਭਾਰਣੀ ਵੀ ਟੀਮ ਵਿੱਚ ਪਾਏ ਗਏ ਹਨ। ਐੱਨ ਸੀ ਈ ਆਰ ਟੀ ਦੇ ਵਾਂਥਾਂਗਪੁਈ ਖੋਬੁੰਗ ਅਤੇ ਸੁਭਾਸ਼ ਸਿੰਘ ਕ੍ਰਮਵਾਰ ਟੀਮ ਦੇ ਮੈਂਬਰ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਹੋਣਗੇ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਟੀਮ ਸਮਾਜਿਕ ਵਿਗਿਆਨ, ਭਾਸ਼ਾਵਾਂ, ਭਾਰਤੀ ਗਿਆਨ ਪ੍ਰਣਾਲੀਆਂ, ਵਾਤਾਵਰਣ ਸਿੱਖਿਆ, ਨਵੀਨਤਾ-ਅਧਾਰਤ ਸਿੱਖਿਆ ਵਿਧੀਆਂ ਅਤੇ ਸਿੱਖਿਆ-ਸਿਖਲਾਈ ਸਮੱਗਰੀ ਨਾਲ ਸੰਬੰਧਤ ਪਾਠਕ੍ਰਮ ਖੇਤਰ ਸਮੂਹ ਤੋਂ ਮਾਰਗਦਰਸ਼ਨ ਲਵੇਗੀ। ਐੱਨ ਸੀ ਈ ਆਰ ਟੀ ਦੇ ਡਾਇਰੈਕਟਰ ਦਿਨੇਸ਼ ਪ੍ਰਸਾਦ ਸਕਲਾਨੀ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਹਰੇਕ ਪਾਠ ਪੁਸਤਕ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ‘ਸੱਭਿਆਚਾਰਕ ਜੜ੍ਹਾਂ ਨਾਲ ਜੁੜਨਾ, ਭਾਰਤੀ ਗਿਆਨ ਪ੍ਰਣਾਲੀਆਂ, ਸਮਾਵੇਸ਼, ਵਿੱਦਿਅਕ ਤਕਨੀਕਾਂ, ਮੁਲੰਕਣ’ ਆਦਿ ਵਰਗੇ ਵੱਖ-ਵੱਖ ਵਿਸ਼ੇ ਪਾਠ ਪੁਸਤਕਾਂ ਵਿੱਚ ਢੁੱਕਵੇਂ ਰੂਪ ਵਿੱਚ ਸ਼ਾਮਲ ਕੀਤੇ ਜਾ ਸਕਣ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਵਿਦਿਆਰਥੀਆਂ ਦੇ ਅੰਦੋਲਨ ਕਾਰਨ ਅਸਤੀਫਾ ਦੇ ਗਏ ਧਰਮਿੰਦਰ ਪ੍ਰਧਾਨ ਦੀ ਥਾਂ ਪ੍ਰਭਾਵਸ਼ਾਲੀ ਆਰ ਐੱਸ ਐੱਸ ਨੇਤਾ ਪ੍ਰਹਿਲਾਦ ਜੋਸ਼ੀ ਨੇ ਕੇਂਦਰੀ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਨਵੇਂ ਸਿੱਖਿਆ ਮੰਤਰੀ ਦਾ ਪਿਛੋਕੜ ਤੇ ਉਪਰੋਕਤ ਨੋਟੀਫਿਕੇਸ਼ਨ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਵਿਦਿਆਰਥੀ ਅੰਦੋਲਨ ਤੋਂ ਕੋਈ ਸਬਕ ਸਿੱਖਣ ਦੀ ਥਾਂ ਆਰ ਐੱਸ ਐੱਸ ਦੀ ਵਿਚਾਰਧਾਰਾ ਨੂੰ ਬੱਚਿਆਂ ਦੇ ਦਿਮਾਗਾਂ ਵਿੱਚ ਭਰਨ ਲਈ ਬਜ਼ਿੱਦ ਹੈ। ਬੁੱਧੀਜੀਵੀ ਤਬਕਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਠਕ੍ਰਮ ਨੂੰ ਸੈਕੂਲਰ ਬਣਾਈ ਰੱਖਣ ਲਈ ਨਵੀਂ ਬਣਾਈ ਗਈ ਟੀਮ ਦਾ ਜ਼ੋਰ-ਸ਼ੋਰ ਨਾਲ ਵਿਰੋਧ ਕਰਨ।



