ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, ਪਰ ਵਸੂਲੀ ਘਟੀ

0
9

ਚੰਡੀਗੜ੍ਹ : ਪੰਜਾਬ ਵਿੱਚ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2021 ਵਿੱਚ ਜਿੱਥੇ ਸਿਰਫ਼ 53,973 ਚਲਾਨ ਹੋਏ ਸਨ, ਉਥੇ ਹੀ 2025 ਵਿੱਚ ਇਹ ਗਿਣਤੀ ਵਧ ਕੇ 20.47 ਲੱਖ ਹੋ ਗਈ, ਜੋ ਚਾਰ ਸਾਲਾਂ ਵਿੱਚ ਲਗਭਗ 38 ਗੁਣਾ ਵੱਧ ਹੈ। ਉਪਰੰਤ 2026 ਦੇ ਮਹਿਜ਼ ਸੱਤ ਮਹੀਨਿਆਂ ਅੰਦਰ ਹੀ ਇਹ ਅੰਕੜਾ ਮੁੜ ਦੁੱਗਣਾ ਹੋ ਕੇ 41.38 ਲੱਖ ‘ਤੇ ਪਹੁੰਚ ਗਿਆ। ਇਸ ਸਖ਼ਤ ਕਾਰਵਾਈ ਦੇ ਪਿੱਛੇ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਸੇ ਚਲਾਨ ਅਣਪ੍ਰਮਾਣਿਤ ਰਫ਼ਤਾਰ ਨਾਲ ਕੱਟੇ ਜਾ ਰਹੇ ਹਨ, ਉਥੇ ਦੂਜੇ ਪਾਸੇ ਜੁਰਮਾਨੇ ਦੀ ਵਸੂਲੀ ਉਸ ਹਿਸਾਬ ਨਾਲ ਨਹੀਂ ਹੋ ਰਹੀ। ਪਰਿਵਾਹਨ ਈ-ਚਲਾਨ ਪਲੇਟਫਾਰਮ ‘ਤੇ ਮੌਜੂਦ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪ੍ਰਤੀ ਚਲਾਨ ਔਸਤ ਵਸੂਲਿਆ ਗਿਆ ਮਾਲੀਆ 2024 ਵਿੱਚ 1,370 ਰੁਪਏ ਸੀ, ਜੋ 2025 ਵਿੱਚ ਘਟ ਕੇ 601 ਰੁਪਏ ਅਤੇ ਇਸ ਸਾਲ ਹੁਣ ਤੱਕ ਮਹਿਜ਼ 118 ਰੁਪਏ ਰਹਿ ਗਿਆ ਹੈ। ਦੋ ਸਾਲਾਂ ਅੰਦਰ ਇਸ ਵਿੱਚ 91 ਫ਼ੀਸਦੀ ਤੋਂ ਵੱਧ ਦਾ ਨਿਘਾਰ ਆਇਆ ਹੈ। ਸਾਲ 2026 ਵਿੱਚ ਚਲਾਨਾਂ ਦੀ ਗਿਣਤੀ ਦੁੱਗਣੀ ਹੋਣ ਦੇ ਬਾਵਜੂਦ ਆਮਦਨ ਵਿੱਚ 60 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ।
2025 ਵਿੱਚ ਪੰਜਾਬ ਨੇ 20,46,881 ਚਲਾਨ ਜਾਰੀ ਕੀਤੇ, ਜੋ ਕਿ ਪਿਛਲੇ ਸਾਲ ਦੇ ਕੁੱਲ ਅੰਕੜੇ ਨਾਲੋਂ ਪੰਜ ਗੁਣਾ ਤੋਂ ਵੀ ਵੱਧ ਸਨ, ਜਦੋਂ ਕਿ ਵਸੂਲੀ ਰਿਕਾਰਡ 123.04 ਕਰੋੜ ‘ਤੇ ਪਹੁੰਚ ਗਈ, ਹਾਲਾਂ ਕਿ ਇਸ ਸਾਲ ਪਹਿਲੀ ਜਨਵਰੀ ਤੋਂ 6 ਅਗਸਤ ਦਰਮਿਆਨ, ਸੂਬਾ ਪਹਿਲਾਂ ਹੀ 41,37,775 ਚਲਾਨ ਜਾਰੀ ਕਰ ਚੁੱਕਾ ਹੈ, ਜੋ ਕਿ ਪੂਰੇ 2025 ਦੇ ਅੰਕੜੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ, ਪਰ ਵਸੂਲੀ ਸਿਰਫ਼ 49.02 ਕਰੋੜ ਰੁਪਏ ਹੀ ਹੋ ਸਕੀ ਹੈ।