ਪਹਿਲੀ ਸਤੰਬਰ ਦੀ ਦਿੱਲੀ ਰੈਲੀ ਲਈ ਲਾਮਬੰਦੀ

0
8

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀਆਂ ਦੇਸ਼ ਤੇ ਆਮ ਲੋਕਾਂ ਵਿਰੋਧੀ ਨੀਤੀਆਂ ਖਿਲਾਫ ਪਹਿਲੀ ਸਤੰਬਰ ਨੂੰ ਨਵੀਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਚ ਕੀਤੀ ਜਾ ਰਹੀ ‘ਦੇਸ਼ ਬਚਾਓ-ਲੋਕਤੰਤਰ ਬਚਾਓ’ ਰੈਲੀ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਰੈਲੀ ਵਿਚ ਪੰਜਾਬ ਤੋਂ ਹਜ਼ਾਰਾਂ ਲੋਕ ਪੁੱਜਣਗੇ ਤੇ ਫਾਸ਼ੀਵਾਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਗੇ।
ਤਰਸਿੱਕਾ (ਤਰਸੇਮ ਸਿੰਘ ਸਾਧਪੁਰ) : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 1 ਸਤੰਬਰ ਨੂੰ ਨਵੀਂ ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿਖੇ ਕਰਵਾਈ ਜਾ ਰਹੀ ‘ਦੇਸ਼ ਬਚਾਓ, ਲੋਕਤੰਤਰ ਬਚਾਓ’ ਰੈਲੀ ਨੂੰ ਕਾਮਯਾਬ ਕਰਨ ਲਈ ਸ਼ਨੀਵਾਰ ਤਰਸਿੱਕਾ ਬਲਾਕ ਦੇ ਸਾਥੀਆਂ ਦੀ ਦਸਮੇਸ਼ ਨਗਰ ਪਿੰਡ ਵਿਖੇ ਬਲਕਾਰ ਸਿੰਘ, ਗੁਰਜੰਟ ਸਿੰਘ ਦਸਮੇਸ਼ ਨਗਰ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ, ਮੰਗਲ ਸਿੰਘ ਖਜਾਲਾ ਅਤੇ ਗੁਰਮੁਖ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅੱਜ ਦੇਸ਼ ਅੰਦਰ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ ਖਤਰਾ ਬਣਿਆ ਹੋਇਆ ਹੈ। ਭਾਜਪਾ- ਆਰ ਐੱਸ ਐੱਸ ਵੱਲੋਂ ਦੇਸ਼ ਅੰਦਰ ਫਿਰਕੂ ਨਫਰਤ ਦਾ ਵਾਤਾਵਰਣ ਪੈਦਾ ਕਰਕੇ ਭਾਈਚਾਰਕ ਸਾਂਝ ਨੂੰ ਖਤਰਾ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਵਧ ਰਹੀ ਮਹਿੰਗਾਈ ਅਤੇ ਐੱਨ ਪੀ ਕੇ ਖਾਦ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੰਜਾਬ ਅੰਦਰ ਵਧ ਰਹੇ ਨਸ਼ਿਆਂ, ਗੈਂਗਸਟਰਵਾਦ ਸੰਬੰੰਧੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਇਲਾਕੇ ਅੰਦਰ ਰੋਜ਼ਾਨਾ ਕਤਲ, ਫਿਰੌਤੀਆਂ ਦਾ ਬੋਲਬਾਲਾ ਹੋ ਰਿਹਾ ਹੈ। ਅਮਨ-ਕਨੂੰਨ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਮੀਟਿੰਗ ਅੰਦਰ ਕਿਸਾਨ ਸਭਾ ਵੱਲੋਂ ਯੂਰੀਆ ਖਾਦ ਸਕੈਂਡਲ ਸੰਬੰਧੀ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕਿ 24 ਅਗਸਤ ਨੂੰ ਵੱਲ੍ਹਾ ਥਾਣੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੀ ਪੁਰਜ਼ੋਰ ਹਮਾਇਤ ਕਰਦਿਆਂ ਇਸ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਹਿਲੀ ਸਤੰਬਰ ਦੀ ਦਿੱਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਮੇਜਰ ਸਿੰਘ, ਜੋਗਿੰਦਰ ਸਿੰਘ, ਜਗਰੂਪ ਸਿੰਘ ਦਸਮੇਸ਼ ਨਗਰ, ਸੁਖਦੇਵ ਸਿੰਘ, ਵਰਦੀਪ ਸਿੰਘ ਗਦਲੀ, ਮਾਸਟਰ ਅਜਾਦ ਸਿੰਘ ਮਹਿਤਾ, ਬੂਟਾ ਸਿੰਘ ਭੱਟੀਕੇ, ਸਵਿੰਦਰ ਸਿੰਘ ਰੂਪੋਵਾਲੀ, ਕੁਲਦੀਪ ਸਿੰਘ ਹਨੇਰੀ ਬੱਗਾ, ਸੱਜਣ ਸਿੰਘ ਜੰਡਿਆਲਾ ਗੁਰੂ, ਕੁਲਵੰਤ ਸਿੰਘ, ਪ੍ਰਗਟ ਸਿੰਘ, ਮੁਖਤਾਰ ਸਿੰਘ ਧਰਮੂ ਚੱਕ, ਸਤਨਾਮ ਸਿੰਘ, ਗੁਰਜੰਟ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਚੋਹਲਾ ਸਾਹਿਬ/ਤਰਨ ਤਾਰਨ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਕੀਤੀ ਜਾ ਰਹੀ ਬਦਲਾਅ ਰੈਲੀ ਦੀ ਕਾਮਯਾਬੀ ਲਈ ਚੱਲ ਰਹੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸਥਾਨਕ ਜ਼ਿਲ੍ਹਾ ਇਕਾਈ ਨੇ ਸ਼ਨੀਵਾਰ ਕਸਬਾ ਚੋਹਲਾ ਸਾਹਿਬ ਵਿਖੇ ਜਥਾ ਮਾਰਚ ਕਰਨ ਲਈ ਦੇਸ਼ ਭਗਤ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਯਾਦ ਵਿੱਚ ਬਣੀ ਯਾਦਗਾਰ ਤੋਂ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਬਜ਼ਾਰ ਵਿੱਚ ਦੁਕਾਨਦਾਰਾਂ ਨੂੰ ਪੈਂਫਲਟ ਵੰਡ ਕੇ ਮੋਦੀ ਸਰਕਾਰ ਦੀਆਂ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੀਆਂ ਲੋਕ ਵਿਰੋਧੀ ਨੀਤੀਆਂ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਦਬਾਅ ਹੇਠ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ।
ਜਥਾ ਮਾਰਚ ਦੀ ਅਗਵਾਈ ਬਲਵਿੰਦਰ ਸਿੰਘ ਦਦੇਹਰ ਸਾਹਿਬ, ਪਰਮਜੀਤ ਸਿੰਘ ਚੋਹਲਾ ਸਾਹਿਬ ਅਤੇ ਸੂਬੇਦਾਰ ਲੇਖ ਸਿੰਘ ਨੇ ਕੀਤੀ। ਇਸ ਜਥਾ ਮਾਰਚ ਵਿੱਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪੂੰਜੀਵਾਦੀ ਪ੍ਰਬੰਧ ਨੂੰ ਬੜਾਵਾ ਦੇਣ ਲਈ ਕਾਰਪੋਰੇਟ ਘਰਾਣਿਆਂ ਲਈ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਮਾਤ ਦੀ ਖੁੱਲ੍ਹੀ ਲੁੱਟ ਕਰਵਾ ਰਹੀ ਹੈ। ਆਗੂਆਂ ਕਿਹਾ ਕਿ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਸਮੇਤ ਪੂਰੀ ਮਿਹਨਤਕਸ਼ ਜਮਾਤ ਨੂੰ ਮੁਕਤ ਵਪਾਰ ਸਮਝੌਤਾ ਬਰਬਾਦ ਕਰ ਦੇਵੇਗਾ। ਆਗੂਆਂ ਕਿਹਾ ਕਿ ਦਿਨੋਂ-ਦਿਨ ਵਧ ਰਹੀ ਮਹਿੰਗਾਈ ਕਾਰਨ ਦੇਸ਼ ਦੀ ਲੋਕਾਈ ਲਈ ਆਮ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਖੰਡ, ਘਿਓ, ਤੇਲ, ਦਾਲਾਂ, ਪੈਟਰੋਲ, ਡੀਜ਼ਲ, ਗੈਸ ਸਮੇਤ ਹਰ ਚੀਜ਼ ਖਰੀਦ ਤੋਂ ਬਾਹਰ ਹੋ ਰਹੀਆਂ ਹਨ।ਹਾਕਮ ਜਮਾਤਾਂ ਮਹਿੰਗਾਈ ਰੋਕਣ ਲਈ ਕੋਈ ਕਦਮ ਨਹੀਂ ਉਠਾ ਰਹੀਆਂ।ਬੇਰੁਜ਼ਗਾਰੀ ਕਾਰਨ ਸਮਾਜ ਵਿੱਚ ਅਫਰਾ-ਤਫਰੀ ਵਾਲਾ ਮਾਹੌਲ ਚੱਲ ਰਿਹਾ ਹੈ। ਆਗੂਆਂ 1 ਸਤੰਬਰ ਦੀ ਦਿੱਲੀ ਦੀ ‘ਬਦਲਾਅ ਜ਼ਰੂਰੀ ਹੈ’ ਰੈਲੀ ਲਈ ਆਮ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ।ਆਗੂਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਬੰਦ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬ ਦੇ ਪਾਣੀਆਂ ‘ਤੇ ਪੰਜਾਬ ਦਾ ਪੂਰਾ ਹੱਕ ਦੇਣ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ। ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਅਤੇ ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਜਥਾ ਮਾਰਚ ਚੋਹਲਾ ਸਾਹਿਬ ਤੋਂ ਨਿੱਕਾ ਚੋਹਲਾ, ਮੁਹਾਵਾ ,ਵਰ੍ਹਿਆ ਨਵੇਂ, ਪੁਰਾਣੇ ਹੁੰਦਾ ਹੋਇਆ ਨੌਸ਼ਹਿਰਾ ਪਨੂੰਆਂ ਕਸਬੇ ਵਿੱਚ ਹਾਕਮਾਂ ਖਿਲਾਫ਼ ਨਾਅਰੇਬਾਜ਼ੀ ਕਰਕੇ ਸਮਾਪਤ ਹੋਇਆ।ਹੋਰਨਾਂ ਤੋਂ ਇਲਾਵਾ ਸੇਵਾ ਸਿੰਘ, ਸੁਖਵੰਤ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਚੋਹਲਾ, ਜਗਤਾਰ ਸਿੰਘ ਚੋਹਲਾ, ਹੀਰਾ ਸਿੰਘ ਚੋਹਲਾ ਸਮੇਤ ਕਈ ਆਗੂ ਹਾਜ਼ਰ ਸਨ।