ਨਵੀਂ ਦਿੱਲੀ : ਦੱਖਣੀ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ‘ਚ ਆਈਫੋਨ ਦੀਆਂ ਮਹੀਨਾਵਾਰ ਕਿਸ਼ਤਾਂ ਨਾ ਭਰ ਸਕਣ ਕਾਰਨ ਇੱਕ 30 ਸਾਲਾ ਨੌਜਵਾਨ ਨੇ ਯਮੁਨਾ ਨਦੀ ‘ਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।
ਮੌਕੇ ‘ਤੇ ਮੌਜੂਦ ਪੁਲਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪੁਲਸ ਅਧਿਕਾਰੀਆਂ ਅਨੁਸਾਰ ਦੀਪਕ ਕੁਮਾਰ (ਵਾਸੀ ਸੰਜੇ ਕਾਲੋਨੀ, ਓਖਲਾ) ਪੇਸ਼ੇ ਤੋਂ ਡਾਂਸ ਟੀਚਰ ਹੈ ਅਤੇ ਮਾਲੀ ਦਾ ਕੰਮ ਵੀ ਕਰਦਾ ਹੈ।
ਪੁੱਛਗਿੱਛ ਦੌਰਾਨ ਦੀਪਕ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਆਮਦਨ ਕਾਫੀ ਘਟ ਗਈ ਸੀ, ਜਿਸ ਕਾਰਨ ਉਸ ਲਈ ਆਪਣੇ ਮਹਿੰਗੇ ਫੋਨ ਦੀਆਂ ਕਿਸ਼ਤਾਂ ਦੇਣਾ ਅਸੰਭਵ ਹੋ ਰਿਹਾ ਸੀ। ਇਸੇ ਮਾਨਸਿਕ ਤਣਾਅ ਦੇ ਚੱਲਦਿਆਂ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।



