ਬੁਢਲਾਡਾ (ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ‘ਬਦਲਾਅ ਜ਼ਰੂਰੀ ਹੈ’ ਦੇ ਨਾਅਰੇ ਤਹਿਤ ਕੀਤੀ ਜਾ ਰਹੀ ਵਿਸ਼ਾਲ ਦੇਸ਼-ਵਿਆਪੀ ਰੈਲੀ ਦੀਆਂ ਤਿਆਰੀਆਂ ਪੂਰੇ ਜੋਸ਼ੋ-ਖਰੋਸ਼ ਨਾਲ ਚੱਲ ਰਹੀਆਂ ਹਨ। ਇਸੇ ਲੜੀ ਤਹਿਤ ਬੁਢਲਾਡਾ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਪਬਲਿਕ ਮੀਟਿੰਗਾਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਹਾਇਕ ਸਕੱਤਰ ਵੇਦ ਪਰਕਾਸ਼, ਬਲਾਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਤੇ ਸਹਾਇਕ ਸਕੱਤਰ ਜਗਸੀਰ ਸਿੰਘ ਰਾਏਕੇ ਐੱਮ ਸੀ, ਦੀ ਅਗਵਾਈ ਹੇਠਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਭਾਰੀ ਇੱਕਠ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਦੱਸਿਆ ਕਿ ਦੇਸ਼ ਗੰਭੀਰ ਸੰਕਟ ਦੇ ਦੋਰ ਵਿੱਚੋਂ ਗੁਜ਼ਰ ਰਿਹਾ ਹੈ, ਮਹਿੰਗਾਈ ਤੇ ਬੇਰੁਜ਼ਗਾਰੀ ਆਪਣਾ ਵਿਕਰਾਲ ਰੂਪ ਲੈ ਚੁੱਕੀ ਹੈ ਤੇ ਆਰਥਿਕ ਮੰਦਹਾਲੀ ਦੇਸ਼ ਨੂੰ ਕੰਗਾਲੀ ਵੱਲ ਧੱਕ ਰਹੀ ਹੈ। ਉਨ੍ਹਾ ਕਿਹਾ ਕਿ 65 ਪ੍ਰਤੀਸਤ ਨੌਜਵਾਨਾਂ ਦੀ ਆਬਾਦੀ ਵਾਲੇ ਦੇਸ਼ ਦਾ ਭਵਿੱਖ ਹਨੇਰੇ ਵੱਲ ਹੈ, ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆ ਵੱਲ ਤੋਰਿਆ ਜਾ ਰਿਹਾ ਹੈ। ਡੀਜ਼ਲ, ਖਾਦ, ਬੀਜ ਅਤੇ ਸਪਰੇਅ ਦੇ ਰੇਟ ਵਧਣ ਕਾਰਨ ਖੇਤੀ ਘਾਟੇ ਵਾਲਾਂ ਸੌਦਾ ਬਣ ਕੇ ਰਹਿ ਗਈ ਹੈ, ਇਸ ਲਈ ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਬੋਝ ਥੱਲੇ ਹੋਣ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾ ਕਿਹਾ ਕਿ ਲੋਕਤੰਤਰ ਤੇ ਧਰਮ ਨਿਰਪੱਖਤਾ ਬਚਾਉਣ ਲਈ ਦੇਸ਼ ਵਿੱਚ ਰਾਜਨੀਤਕ ਤਬਦੀਲੀ ਸਮੇਂ ਦੀ ਵੱਡੀ ਲੋੜ ਹੈ। ਕਾਮਰੇਡ ਅਰਸ਼ੀ ਨੇ ਦੱਸਿਆ ਕਿ ਦਿੱਲੀ ਰੈਲੀ ਮੋਦੀ ਸਰਕਾਰ ਦੇ ਕਫਨ ਵਿੱਚ ਕਿੱਲ ਸਾਬਿਤ ਹੋਵੇਗੀ। ਉਨ੍ਹਾ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿੱਚ ਤਬਦੀਲੀ ਲਈ ਇੱਕ ਸਤੰਬਰ ਦੀ ਦਿੱਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ। ਇਸ ਮੌਕੇ ਵੇਦ, ਸੀਤਾ ਰਾਮ ਤੇ ਕਾਮਰੇਡ ਰਾਏਕੇ ਨੇ ਕਿਹਾ ਕਿ ਦਿੱਲੀ ਰੈਲੀ ਲਈ ਲੋਕਾਂ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਰੈਲੀ ਵਿੱਚ ਬੁਢਲਾਡਾ ਹਲਕੇ ਤੋਂ 500 ਤੋਂ ਵੱਧ ਸਾਥੀ ਸ਼ਾਮਲ ਹੋਣਗੇ। ਇਸ ਮੌਕੇ ਸਾਬਕਾ ਸਰਪੰਚ ਹਰਕੇਸ਼ ਮੰਡੇਰ, ਕਰਨੈਲ ਸਿੰਘ ਦਾਤੇਵਾਸ ਤੇ ਸ਼ੰਭੂ ਮੰਡੇਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।



