ਫਿਰੋਜ਼ਪੁਰ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਕ ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖ਼ੇ ਕੀਤੀ ਜਾ ਰਹੀ ਵਿਸ਼ਾਲ ਦੇਸ਼ ਵਿਆਪੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਇਕ ਵਿਸ਼ੇਸ਼ ਕਨਵੈਨਸ਼ਨ ਇਥੇ ਸੀ ਪੀ ਆਈ ਦੇ ਦਫਤਰ ਨੇੜੇ ਨਾਗਰ ਮੱਲ ਸਰਾਂ ਵਿਖ਼ੇ ਹਰਭਜਨ ਬਾਜੇ ਕੇ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਪਿੰਡਾਂ ਅਤੇ ਬਲਾਕਾਂ ਵਿੱਚੋਂ ਵੱਡੀ ਗਿਣਤੀ ਪਾਰਟੀ ਵਰਕਰਾਂ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੇ ਹਿੱਸਾ ਲਿਆ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਸੂਬਾ ਐਗਜ਼ੈਕਟਿਵ ਮੈਂਬਰ ਨਰਿੰਦਰ ਕੌਰ ਸੋਹਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਫਿਰੋਜ਼ਪੁਰ ਪਾਰਟੀ ਆਗੂਆਂ ਵੱਲੋਂ ਕਾਮਰੇਡ ਧਾਲੀਵਾਲ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਮੋਦੀ ਅਤੇ ਭਾਜਪਾ ਵੱਲੋਂ ਸਰਕਾਰ ਦੇ ਹਰ ਜਨਤਕ ਅਦਾਰੇ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਦੇਸ਼ ਦੇ ਪ੍ਰਮੁੱਖ ਅਦਾਰੇ, ਜਿਸ ਵਿੱਚ ਨਿਆਂ ਪਾਲਿਕਾ, ਚੋਣ ਕਮਿਸ਼ਨ, ਕੈਗ ਅਤੇ ਸੀ ਬੀ ਆਈ ਆਦਿ ਦੀ ਸਰਕਾਰੀ ਦਬਾਅ ਹੇਠ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ ਹੁਣ ਹੋਰ ਬਰਾਦਸ਼ਤ ਕਰਨਯੋਗ ਨਹੀਂ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਉਕਤ ਲੋਕ ਵਿਰੋਧੀ ਨੀਤੀਆਂ ਦਾ ਭਾਰਤੀ ਕਮਿਊਨਿਸਟ ਪਾਰਟੀ ਨੇ ਹਮੇਸ਼ਾ ਡਟ ਕੇ ਵਿਰੋਧ ਕੀਤਾ ਅਤੇ ਲੋਕਾਂ ਵਿੱਚ ਨੰਗਿਆ ਕੀਤਾ ਹੈ। ਉਹਨਾਂ ਕਿਹਾ ਜਦੋਂ ਹੁਣ ਦੇਸ਼ ਬਰਬਾਦੀ ਦੀ ਕਗਾਰ ‘ਤੇ ਖੜ੍ਹਾ ਹੈ ਤਾਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਦਿੱਲੀ ਵਿਖ਼ੇ ਕੀਤੀ ਜਾ ਰਹੀ ‘ਬਦਲਾਓ ਜ਼ਰੂਰੀ ਹੈ’ ਰੈਲੀ ਇਤਿਹਾਸਕ ਹੋ ਨਿਬੜੇਗੀ, ਜਿਸ ਵਿਚ ਸਮਾਜ ਦੇ ਹਰ ਵਰਗ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਉਹਨਾਂ ਦੀਆਂ ਪ੍ਰਮੁੱਖ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਨੂੰ ਬੁਲੰਦ ਕੀਤੀ ਜਾਵੇਗੀ। ਆਗੂਆਂ ਨੇ ਹਾਜ਼ਰੀਨ ਨੂੰ ਦਿੱਲੀ ਦੀ ਇਤਿਹਾਸਕ ਵਿਸ਼ਾਲ ਰੈਲੀ ਦੀ ਸਫਲਤਾ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਕਨਵੈਨਸ਼ਨ ‘ਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ, ਸੀ ਪੀ ਆਈ (ਐੱਮ) ਦੀ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਖੁੰਗਰ, ਮੀਤ ਸਕੱਤਰ ਗੁਰਨਾਮ ਰਾਊਕੇ, ਕੈਸ਼ਿਅਰ ਗੁਰਦਿੱਤ ਸਿੰਘ, ਚਰਨਜੀਤ ਸਿੰਘ ਛਾਂਗਾ ਰਾਏ ਸੂਬਾ ਸਕੱਤਰ ਸਰਬ ਭਾਰਤ ਨੌਜਵਾਨ ਸਭਾ, ਨਛੱਤਰ ਸਿੰਘ, ਰਾਜ ਕੁਮਾਰ ਬਹਾਦਰ ਕੇ, ਢੋਲਾ ਮਾਹੀ, ਇਸਤਰੀ ਸਭਾ ਦੇ ਜ਼ਿਲ੍ਹਾ ਆਗੂ ਬੀਬੀ ਤ੍ਰਿਪਤ ਕਾਲੀਆ, ਬੀਬੀ ਦਰਸ਼ਨ ਜ਼ੀਰਵੀ, ਨਸੀਬ ਕੌਰ, ਕਰਨੈਲ ਸਿੰਘ, ਮੇਹਰ ਸਿੰਘ ਝੰਡੂਵਾਲਾ, ਦਰਸ਼ਨ ਝੰਡੂਵਾਲਾ, ਅਮਰੀਕ ਸਿੰਘ ਫੱਤੇਵਾਲਾ ਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।





