ਭਿੱਖੀਵਿੰਡ/ ਖਾਲੜਾ (ਲਖਵਿੰਦਰ ਸਿੰਘ ਗੋਲਣ/ ਰਣਬੀਰ ਸਿੰਘ ਗੋਲਣ)-ਪੁਲਸ ਥਾਣਾ ਵਲਟੋਹਾ ਦੇ ਐੱਸ ਐੱਚ ਓ ਜਗਦੀਪ ਸਿੰਘ ਨੇ ਇੱਕ ਕਿਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡੀ ਐੱਸ ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਮੁਖੀ ਜਗਦੀਪ ਸਿੰਘ ਸਮੇਤ ਪੁਲਸ ਪਾਰਟੀ ਭੈੜੇ ਪੁਰਸ਼ਾਂ ਦੇ ਸਬੰਧ ’ਚ ਪੁਲ ਸੂਆ ਮਹਿਮੂਦਪੁਰਾ ਮੌਜੂਦ ਸੀ ਕਿ ਸੂਚਨਾ ਮਿਲੀ ਕਿ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਵਾਂ ਤਾਰਾ ਸਿੰਘ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਲਾਖਣਾ, ਹਰਜਿੰਦਰ ਸਿੰਘ ਉਰਫ ਹਥੌੜੀ ਵਾਸੀ ਪੱਤੀ ਪਾਪੜਾਂ ਦੀ ਵਾਂ ਤਾਰਾ ਸਿੰਘ ਹਾਲ ਸਬ ਜੇਲ੍ਹ ਪੱਟੀ ਅਤੇ ਗੁਰਪਵਿੱਤਰ ਸਿੰਘ ਉਰਫ ਸਾਈਂ ਵਾਸੀ ਲਾਖਣਾ ਥਾਣਾ ਵਲਟੋਹਾ ਹਾਲ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਜਿਨ੍ਹਾਂ ਨੇ ਹੋਰ ਵਿਅਕਤੀਆ ਨਾਲ ਰਲ ਕੇ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ ਅਤੇ ਮੋਬਾਇਲ ਫੋਨ ਰਾਹੀਂ ਪਾਕਿਸਤਾਨ ਵਿੱਚ ਬੈਠ ਸਮੱਗਲਰਾਂ ਨਾਲ ਗੱਲਬਾਤ ਕਰਕੇ ਡਰੋਨ ਰਾਹੀ ਅਸਲਾ ਐਮੂਨੇਸ਼ਨ, ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਖ-ਵੱਖ ਗੱਡੀਆਂ ਤੇ ਮੋਟਰਸਾਈਕਲਾਂ ’ਤੇ ਲਿਜਾ ਕੇ ਸਮੱਗਲਰਾਂ ਨੂੰ ਸਪਲਾਈ ਕਰਦੇ ਹਨ। ਬੁੱਧਵਾਰ ਵੀ ਨਿਰਮਲ ਸਿੰਘ ਉਰਫ ਨਿੰਮਾ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਮੋਟਰਸਾਈਕਲ ’ਤੇ ਕਿਸੇ ਗਾਹਕ ਨੂੰ ਹੈਰੋਇਨ ਸਪਲਾਈ ਕਰਨ ਦੀ ਤਾਕ ਵਿੱਚ ਇਸ ਇਲਾਕੇ ਵਿਚ ਘੁੰਮ ਰਹੇ ਹਨ। ਮੁਖਬਰ ਖਾਸ ਦੀ ਉਪਰੋਕਤ ਇਨਫਰਮੇਸ਼ਨ ਦੇ ਆਧਾਰ ’ਤੇ ਥਾਣਾ ਵਲਟੋਹਾ ਦੇ ਮੁਖੀ ਵੱਲੋਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਨਿਰਮਲ ਸਿੰਘ ਉਰਫ ਨਿੰਮਾ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਨੂੰ ਗਿ੍ਰਫਤਾਰ ਕਰ ਲਿਆ। ਨਿਰਮਲ ਸਿੰਘ ਦੇ ਲੱਕ ਨਾਲ ਬੰਨ੍ਹੇ ਪਰਨੇ ਵਿੱਚੋਂ 510 ਗ੍ਰਾਮ ਅਤੇ ਗੁਰਸੇਵਕ ਸਿੰਘ ਦੇ ਲੱਕ ਨਾਲ ਬੰਨ੍ਹੇ ਪਰਨੇ ਵਿੱਚੋਂ 490 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਉਹਨਾਂ ਪਿੰਡ ਲਾਖਣਾ ਵਿਖੇ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਸੀ।




