ਮੋਦੀ ਸਰਕਾਰ ਨੇ ਖੰਡ ਦੇ ਜਮ੍ਹਾਂਖੋਰਾਂ ਦੀ 36 ਹਜ਼ਾਰ ਕਰੋੜ ਦੀ ਦੀਵਾਲੀ ਬਣਾ’ਤੀ : ਕਾਂਗਰਸ

0
7

ਨਵੀਂ ਦਿੱਲੀ (ਨ ਜ਼ ਸ)
ਕਾਂਗਰਸ ਨੇ ਵੀਰਵਾਰ ਮੋਦੀ ਸਰਕਾਰ ‘ਤੇ 36,000 ਕਰੋੜ ਰੁਪਏ ਦੇ ਖੰਡ ਘੁਟਾਲੇ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ, ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ‘ਚ ਜਮ੍ਹਾਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਫਾਇਦਾ ਹੋਇਆ।
ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਨੇ ਦੋਸ਼ ਲਗਾਇਆ ਕਿ ਸਰਕਾਰ ਨੂੰ ਅਪ੍ਰੈਲ ਵਿੱਚ ਖੰਡ ਦੀ ਕਮੀ ਬਾਰੇ ਪਤਾ ਸੀ, ਪਰ ਉਹ ਚੁੱਪ ਬੈਠੀ ਰਹੀ ਅਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਖੰਡ ਦੀਆਂ ਕੀਮਤਾਂ 40 ਰੁਪਏ ਤੋਂ ਵਧ ਕੇ 75 ਰੁਪਏ ਪ੍ਰਤੀ ਕਿੱਲੋ ਹੋ ਗਈਆਂ। ਅਗਸਤ ਤੋਂ ਨਵੰਬਰ ਦੌਰਾਨ ਦੇਸ਼ ਵਿੱਚ ਲਗਭਗ 120 ਲੱਖ ਟਨ ਖੰਡ ਦੀ ਖਪਤ ਹੋਣ ਦੀ ਉਮੀਦ ਹੈ ਅਤੇ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਪ੍ਰਤੀ ਕਿੱਲੋ ਘੱਟੋ-ਘੱਟ 30 ਰੁਪਏ ਵਾਧੂ ਦੇਣੇ ਪੈਣਗੇ। 120 ਟਨ ਖੰਡ ਦੀ ਰਕਮ 36,000 ਕਰੋੜ ਰੁਪਏ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਜਮ੍ਹਾਂਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਹੋਵੇਗਾ। ਸੱਤਾ ਵਿੱਚ ਬੈਠੇ ਲੋਕਾਂ ਨਾਲ ਮਿਲੀਭੁਗਤ ਦੀ ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਹੈ? ਇਹ ਮੋਦੀ ਸਰਕਾਰ ਦਾ ਮੁਨਾਫਾਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਹੱਥੋਂ ਜਨਤਾ ਨੂੰ ਖੁੱਲ੍ਹੇਆਮ ਲੁੱਟਣ ਦਾ ਨਵਾਂ ਮਾਸਟਰ ਸਟ੍ਰੋਕ ਹੈ। ਉਨ੍ਹਾ ਕਿਹਾ ਕਿ ਭਾਜਪਾ ਆਗੂ ਜਨਤਾ ਨੂੰ ਇਹ ਦਾਅਵਾ ਕਰਕੇ ਮੱਤ ਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੂਗਰ ਨੂੰ ਦੂਰ ਕਰਨ ਲਈ ਖੰਡ ਮਹਿੰਗੀ ਕਰ ਦਿੱਤੀ ਹੈ ਅਤੇ ਇਸ ਨੂੰ ਪੈਟਰੋਲ ਵਿੱਚ ਮਿਲਾਇਆ ਹੈ। ਨਤੀਜਾ ਇਹ ਹੈ ਕਿ ਕਾਰਾਂ ਗੈਰਾਜਾਂ ਵਿੱਚ ਫਸੀਆਂ ਹੋਈਆਂ ਹਨ ਅਤੇ ਲੋਕਾਂ ਦੀਆਂ ਜੇਬਾਂ ਖਾਲੀ ਹੋ ਰਹੀਆਂ ਹਨ। ਇਹ ਦਾਅਵਾ ਕਰਦੇ ਹੋਏ ਕਿ ਕਿਸਾਨ ਲਾਹੇਵੰਦ ਕੀਮਤਾਂ ਨਾ ਮਿਲਣ ਕਾਰਨ ਘੱਟ ਗੰਨਾ ਪੈਦਾ ਕਰ ਰਹੇ ਹਨ, ਸੂਰਜੇਵਾਲਾ ਨੇ ਕਿਹਾ ਕਿ ਸਰਕਾਰ ਦੇ ਖੇਤੀਬਾੜੀ ਵਿਕਾਸ ਦੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ ‘ਤੇ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਨਵੰਬਰ 2025 ਤੋਂ ਜੁਲਾਈ 2026 ਦਰਮਿਆਨ ਈ-20 ਪੈਟਰੋਲ ਦੇ ਉਤਪਾਦਨ ਵਿੱਚ 32 ਪ੍ਰਤੀਸ਼ਤ ਗੰਨੇ ਦੇ ਸਟਾਕ ਦੀ ਵਰਤੋਂ ਕੀਤੀ ਹੈ ਅਤੇ ਇਸ ਦੇ ਨਤੀਜੇ ਵਜੋਂ ਜਨਤਾ ਲਈ ਬਾਜ਼ਾਰ ਵਿੱਚ ਉਪਲੱਬਧ ਖੰਡ ਦੇ ਸਟਾਕ ਘਟ ਗਏ ਹਨ। ਸੂਰਜੇਵਾਲਾ ਨੇ ਮੰਗ ਕੀਤੀ ਕਿ ਸਰਕਾਰ ਜਨਤਕ ਵੰਡ ਪ੍ਰਣਾਲੀ ਰਾਹੀਂ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਬਸਿਡੀ ਵਾਲੀਆਂ ਦਰਾਂ ‘ਤੇ 500 ਗ੍ਰਾਮ ਖੰਡ ਮੁਹੱਈਆ ਕਰਵਾਉਣ ਦੀ ਯੋਜਨਾ ਨੂੰ ਬਹਾਲ ਕਰੇ, ਜਿਵੇਂ ਪਿਛਲੀ ਕਾਂਗਰਸ ਸਰਕਾਰ ਨੇ ਕੀਤਾ ਸੀ।