ਕੋਚੀ : ਕੇਰਲ ’ਚ ਕਥਿਤ ਤੌਰ ’ਤੇ ਮਨੁੱਖੀ ਬਲੀ ਦੇ ਇਰਾਦੇ ਨਾਲ ਦੋ ਔਰਤਾਂ ਦੇ ਕਤਲ ਦੇ ਕੇਸ ਦੇ ਤਿੰਨ ਮੁਲਜ਼ਮਾਂ ਮਸਾਜ਼ ਥੈਰੇਪਿਸਟ ਭਗਾਵਤ ਸਿੰਘ, ਉਸ ਦੀ ਪਤਨੀ ਲੈਲਾ ਅਤੇ ਉਨ੍ਹਾਂ ਦੇ ਏਜੰਟ ਤਾਂਤਰਿਕ ਮੁਹੰਮਦ ਸ਼ਫੀ ਨੂੰ ਬੁੱਧਵਾਰ ਸਵੇਰੇ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ 26 ਅਕਤੂਬਰ ਤੱਕ ਲਈ ਪੁਲਸ ਰਿਮਾਂਡ ਦੇ ਦਿੱਤਾ।
ਪੁਲਸ ਕਮਿਸ਼ਨਰ ਨਾਗਰਾਜੂ ਚਕਿਲਗ ਨੇ ਦੱਸਿਆ ਕਿ ਸ਼ੱਕ ਹੈ ਕਿ ਜੋੜੇ ਨੇ ਉਨ੍ਹਾਂ ਮਹਿਲਾਵਾਂ ਦਾ ਮਾਸ ਵੀ ਖਾਧਾ। ਦੱਸਿਆ ਜਾਂਦਾ ਹੈ ਕਿ ਜੋੜੇ ਨੇ ਤੰਤਰ-ਮੰਤਰ ਨਾਲ ਪੈਸਾ ਤੇ ਸ਼ੋਹਰਤ ਹਾਸਲ ਕਰਨ ਲਈ ਬਲੀ ਦਿੱਤੀ।
ਭਗਾਵਤ ਕਾਫੀ ਚਿਰ ਤੋਂ ਮਾਲੀ ਸੰਕਟ ਵਿਚ ਸੀ। ਉਸ ਦੀ ਪਤਨੀ ਲੈਲਾ ਨੇ ਪੇਰੰੁਬਦੂਰ ਦੇ ਸ਼ਫੀ ਨਾਲ ਸੰਪਰਕ ਕੀਤਾ। ਉਸ ਨੇ ਕਿਹਾ ਕਿ ਮਨੁੱਖੀ ਬਲੀ ਦੇਣ ਨਾਲ ਹੀ ਭਗਵਾਨ ਖੁਸ਼ ਹੋਣਗੇ। ਉਸ ਨੇ ਦੋ ਮਹਿਲਾਵਾਂ ਦੀ ਬਲੀ ਦੇਣ ਲਈ ਕਿਹਾ। ਏਜੰਟ ਸ਼ਫੀ ਹੀ ਦੋਹਾਂ ਮਹਿਲਾਵਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਘਰ ਲਿਆਇਆ, ਜਿਥੇ ਉਨ੍ਹਾਂ ਦੀ ਬਲੀ ਦੇ ਕੇ ਉਨ੍ਹਾਂ ਨੂੰ ਦਫਨਾ ਦਿੱਤਾ ਗਿਆ। ਇਸ ਘਟਨਾ ਦੇ ਬਾਅਦ ਪੁਲਸ ਪਿਛਲੇ ਦਿਨਾਂ ਵਿਚ ਲਾਪਤਾ ਹੋਏ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ।
ਪੁਲਸ ਕਮਿਸ਼ਨਰ ਨੇ ਸ਼ਫੀ ਨੂੰ ਮਨੋਰੋਗੀ ਕਰਾਰ ਦਿੰਦਿਆਂ ਕਿਹਾ ਕਿ ਅਪਰਾਧ ਦਾ ਮੂਲ ਉਦੇਸ਼ ਯੌਨ ਸੁੱਖ ਪ੍ਰਤੀਤ ਹੁੰਦਾ ਹੈ। ਉਹ ਫੇਸਬੁਕ ’ਤੇ ਅਜਿਹੇ ਲੋਕਾਂ ਨੂੰ ਲੱਭਦਾ ਸੀ, ਜਿਹੜੇ ਮਾਲੀ ਸੰਕਟ ਵਿੱਚੋਂ ਲੰਘ ਰਹੇ ਹੋਣ। ਫਿਰ ਉਨ੍ਹਾਂ ਨੂੰ ਬਲੀ ਦੇਣ ਦਾ ਸੁਝਾਅ ਦਿੰਦਾ ਸੀ। ਰੋਸੇਲਿਨ ਤੇ ਪਦਮਾ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਮਾਰਿਆ ਗਿਆ। ਉਨ੍ਹਾਂ ਦੇ ਸਰੀਰ ਦੇ ਛੋਟੇ-ਛੋਟੇ ਟੁਕੜੇ ਕੀਤੀ ਗਏ। ਦੋਨੋਂ ਸਤੰਬਰ ਤੋਂ ਲਾਪਤਾ ਸਨ। ਮਹਿਲਾਵਾਂ ਦੇ ਫੋਨ ਨੰਬਰ ਸ਼ਫੀ ਦੇ ਫੋਨ ਵਿਚ ਮਿਲੇ। ਉਸ ਨੇ ਇਨ੍ਹਾਂ ਨੂੰ ਅਗਵਾ ਕਰਨ ਦੀ ਗੱਲ ਮੰਨੀ ਹੈ। ਜਾਂਚ ਵਿਚ ਪਤਾ ਲੱਗਾ ਕਿ ਤਿਰੁਵੱਲਾ ਵਿਚ ਜੋੜੇ ਦੇ ਘਰ ਕਤਲ ਕੀਤੇ ਗਏ।





