ਗਦਰੀ ਬਾਬਿਆਂ ਦੇ ਮੇਲੇ ’ਚ ਡਾ. ਨਵਸ਼ਰਨ, ਡਾ. ਰਾਜ ਰਤਨ, ਹਿਮਾਂਸ਼ੂ ਤੇ ਬੈਂਸ ਹੋਣਗੇ ਬੁਲਾਰੇ

0
259

ਜਲੰਧਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਐਕਟਿੰਗ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਤਿੰਨ ਰੋਜ਼ਾ ਗਦਰੀ ਬਾਬਿਆਂ ਦੇ ਮੇਲੇ ਵਿੱਚ ਪਹਿਲੀ ਨਵੰਬਰ ਦਿਨੇ ਦੁਪਹਿਰ ਸਮੇਂ ਡਾ. ਨਵਸ਼ਰਨ ਤੇ ਡਾ. ਰਾਜ ਰਤਨ ਅੰਬੇਡਕਰ ਬੁਲਾਰੇ ਹੋਣਗੇ। ਇਸ ਦਿਨ ਹੀ ਬਾਅਦ ਦੁਪਹਿਰ 4 ਤੋਂ 6 ਵਜੇ ਤੱਕ ਗਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ‘ਸਾਮਰਾਜੀ ਲੁੱਟ, ਫਿਰਕੂ/ ਫਾਸ਼ੀ ਹੱਲਾ ਅਤੇ ਜਮਹੂਰੀ ਅਧਿਕਾਰ’ ਵਿਸ਼ੇ ’ਤੇ ਹੋਣ ਵਾਲੀ ਵਿਚਾਰ-ਚਰਚਾ ’ਚ ਹਿਮਾਂਸ਼ੂ ਕੁਮਾਰ ਅਤੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਉਚੇਚੇ ਤੌਰ ਤੇ ਆਪਣੇ ਵਿਚਾਰ ਰੱਖਣਗੇ। ਉਹਨਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਅਤੇ ਕਮੇਟੀ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਇਸ ਵਿਚਾਰ-ਚਰਚਾ ਵਿੱਚ ਭਾਗ ਲੈਣਗੇ। ਕਮੇਟੀ ਨੇ ਸਮੂਹ ਸਾਹਿਤਕ, ਸੱਭਿਆਚਾਰਕ ਸੰਸਥਾਵਾਂ, ਬੁੱਧੀਜੀਵੀਆਂ, ਲੇਖਕਾਂ, ਰੰਗਕਰਮੀਆਂ, ਕਵੀਆਂ, ਗੀਤਕਾਰਾਂ, ਤਰਕਸ਼ੀਲ, ਜਮਹੂਰੀ ਅਤੇ ਲੋਕ-ਪੱਖੀ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 30 ਅਤੇ 31 ਅਕਤੂਬਰ ਨੂੰ ਹੋਣ ਵਾਲੇ ਗੀਤ ਸੰਗੀਤ, ਭਾਸ਼ਣ, ਕੁਇਜ਼, ਪੇਂਟਿੰਗ ਮੁਕਾਬਲਿਆਂ ਅਤੇ ਪਹਿਲੀ ਨਵੰਬਰ ਨਾਟਕਾਂ ਅਤੇ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਸਮੇਤ ਸਾਮਰਾਜਵਾਦ ਅਤੇ ਫਿਰਕੂ ਫਾਸ਼ੀ ਹੱਲੇ ਖਿਲਾਫ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਇਸ ਮੇਲੇ ਵਿੱਚ ਹੋਣ ਵਾਲੀਆਂ ਗੰਭੀਰ ਵਿਚਾਰਾਂ ਮੌਕੇ ਵੀ ਸ਼ਾਮਲ ਹੋਣ।
ਕਮੇਟੀ ਨੇ ਗਦਰੀ ਬਾਬਿਆਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਆਪਣੇ-ਆਪਣੇ ਲੋਕ ਹਿੱਸਿਆਂ ਵਿੱਚ ਸਰਗਰਮ ਸਮੂਹ ਸੰਸਥਾਵਾਂ ਨੂੰ ਮੀਡੀਆ ਰਾਹੀਂ ਬੁਲਾਵੇ ਨੂੰ ਵੀ ਸੱਦਾ ਪੱਤਰ ਸਮਝਦੇ ਹੋਏ ਮੇਲੇ ਦੀ ਸਫਲਤਾ ਲਈ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀਆਂ ਨੂੰ ਵੱਖਰੇ ਤੌਰ ’ਤੇ ਵੀ ਸੱਦਾ ਪੱਤਰ ਭੇਜੇ ਜਾਣਗੇ।

LEAVE A REPLY

Please enter your comment!
Please enter your name here