ਤਲਵੰਡੀ ਸਾਬੋ. (ਜਗਦੀਪ ਗਿੱਲ)-ਇੱਥੋਂ ਦੇ ਅਮੀਰ ਤੇ ਕਾਰੋਬਾਰੀ ਲੋਕਾਂ ਨੂੰ ਧਮਕਾਅ ਕੇ ਮੰਗੀਆਂ ਤੇ ਵਸੂਲੀਆਂ ਜਾ ਰਹੀਆਂ ਫਿਰੌਤੀਆਂ ਦੇ ਅਸਲੋਂ ਗੰਭੀਰ ਮਾਮਲੇ ਵਿੱਚ ਬਠਿੰਡਾ ਪੁਲਸ ਦੇ ਹੱਥ ਭਾਰੀ ਕਾਮਯਾਬੀ ਲੱਗੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਠਿੰਡਾ ਜ਼ੋਨ ਦੇ ਆਈ ਜੀ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿਚ ਛੇ ਲੋਕਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਵੈਪਨ, ਇੱਕ ਗੰਨ, 20 ਲੱਖ 15 ਹਜ਼ਾਰ ਰੁਪਿਆ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਇਲਾਕੇ ’ਚ ਫਿਰੌਤੀ ਗੈਂਗ ਨੂੰ ਜੇਲ੍ਹ ਵਿੱਚ ਬੈਠਾ ਗੋਲਡੀ ਬਰਾੜ ਗੈਂਗ ਦਾ ਇਕ ਸਰਗਨਾ ਮੰਨਾ ਸਿੰਘ ਚਲਾ ਰਿਹਾ ਸੀ। ਉਸ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਇਕ ਹੋਰ ਅਜਿਹੇ ਮਾਮਲੇ ਵਿਚ ਵੀ ਉਸ ਦੇ ਉਪਰ ਰਾਮਾ ਮੰਡੀ ਥਾਣੇ ਵਿੱਚ ਮੁਕੱਦਮਾ ਦਰਜ ਹੋ ਚੁੱਕਿਆ ਹੈ, ਉਹ ਫਿਰ ਵੀ ਆਪਣੀਆਂ ਸਰਗਰਮੀਆਂ ਤੋਂ ਬਾਜ਼ ਨਾ ਆਇਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਤੇ ਹੋਰ ਪੁਲਸ ਰਿਮਾਂਡ ਲੈ ਕੇ ਮੁਸਤੈਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਇਨ੍ਹਾਂ ਗੈਂਗਸਟਰਾਂ ਵੱਲੋਂ ਫੈਲਾਏ ਇਸ ਖੌਫਨਾਕ ਜਾਲ ਨੂੰ ਤੋੜਿਆ ਜਾ ਸਕੇ ਤੇ ਸ਼ਹਿਰੀਆਂ ਨੂੰ ਸੁੱਖ ਦਾ ਸਾਹ ਆ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਆਈ ਜੀ ਨੇ ਕਿਹਾ ਕਿ ਗਿ੍ਰਫਤਾਰ ਕੀਤੇ ਜਾਣ ਵਾਲਿਆਂ ਵਿਚ ਇਥੇ ਤਾਇਨਾਤ ਇਕ ਹੋਮਗਾਰਡ ਦਾ ਮੁੰਡਾ ਵੀ ਸ਼ਾਮਲ ਹੈ ਜਿਸ ਦੀ ਭੂਮਿਕਾ ਦੇ ਅਧਾਰ ਉਪਰ ਉਸ ਨੂੰ ਵੀ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਆਈ ਜੀ ਨੇ ਹੋਰ ਕਿਹਾ ਕਿ ਉਹ ਵਪਾਰ ਮੰਡਲ ਨੂੰ ਵੀ ਕਹਿਣਗੇ ਕਿ ਉਹ ਇਨ੍ਹਾਂ ਫਿਰੌਤੀਆਂ ਮੰਗਣ ਵਾਲਿਆਂ ਦੇ ਖਿਲਾਫ ਅੱਗੇ ਆ ਕੇ ਪੁਲਸ ਕੋਲ ਮੁਕੱਦਮੇ ਦਰਜ ਕਰਵਾਉਣ ਤਾਂ ਕਿ ਇਨ੍ਹਾਂ ਨੂੰ ਕਰੜੀਆਂ ਸਜ਼ਾਵਾਂ ਦਿਵਾਈਆਂ ਜਾ ਸਕਣ।




