ਭਾਰਤੀਆਂ ਦੀ ਬੇਇੱਜ਼ਤੀ ‘ਤੇ ਮੋਦੀ ਚੁੱਪ : ਕਾਂਗਰਸ

0
10

ਨਵੀਂ ਦਿੱਲੀ (ਨ ਜ਼ ਸ)
ਕਾਂਗਰਸ ਨੇ ਸ਼ੁੱਕਰਵਾਰ ਮੋਦੀ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ ਭਾਰਤੀਆਂ ਦਾ ਮਜ਼ਬੂਤੀ ਨਾਲ ਬਚਾਅ ਕਰਨ ਵਿੱਚ ਅਸਫਲ ਰਹੀ ਹੈ, ਜਦੋਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਇੱਕ ਵਿਵਾਦਪੂਰਨ ਪੋਸਟਰ ਵਿੱਚ ‘ਮਿਸਟਰ ਸਿੰਘ’ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਤੁਹਾਨੂੰ ਪਤਾ ਨਹੀਂ ਮਿਸਟਰ ਸਿੰਘ ਕਿਵੇਂ ਗੱਡੀ ਚਲਾਉਣੀ ਹੈ’ ਤੇ ‘ਸਾਡੀਆਂ ਸੜਕਾਂ ਤੋਂ ਉਤਰ ਜਾਓ’ ਵਰਗੀਆਂ ਲਾਈਨਾਂ ਨਾਲ ਧਮਕੀ ਦਿੱਤੀ ਗਈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਇਸ਼ਤਿਹਾਰ ਨੂੰ ਸਾਰੇ ਭਾਰਤੀਆਂ ਦੇ ਮਾਣ-ਸਨਮਾਨ ਦਾ ਅਪਮਾਨ ਦੱਸਿਆ ਅਤੇ ਸਵਾਲ ਕੀਤਾ ਕਿ ਸਰਕਾਰ ਨੇ ਇਸ ਦਾ ਸਖਤ ਜਨਤਕ ਖੰਡਨ ਕਿਉਂ ਨਹੀਂ ਕੀਤਾ? ਰਮੇਸ਼ ਨੇ ਕਿਹਾ, ”ਮੋਦੀ ਜੀ, ਡੋਨਾਲਡ ਟਰੰਪ ਨੂੰ ਆਪਣਾ ‘ਦੋਸਤ’ ਕਹਿ ਕੇ ਆਪਣੀ ਕੌਮਾਂਤਰੀ ਤਾਕਤ ਦਾ ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਭਾਰਤੀ-ਅਮਰੀਕੀਆਂ ਵਿੱਚ ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਵੀ ਦਿੱਤਾ ਸੀ, ਹੁਣ ਉਨ੍ਹਾ ਦਾ ਪ੍ਰਸ਼ਾਸਨ ਭਾਰਤੀ ਮੂਲ ਦੇ ਲੋਕਾਂ ਦਾ ਲਗਾਤਾਰ ਅਪਮਾਨ ਕਰ ਰਿਹਾ ਹੈ। ਫਿਰ ਵੀ ਮੋਦੀ ਸਰਕਾਰ ਇਸ ਪੂਰੇ ਘਟਨਾਕ੍ਰਮ ਵਿੱਚ ਇੱਕ ਚੁੱਪ ਸਾਥੀ ਵਾਂਗ ਵਿਵਹਾਰ ਕਰ ਰਹੀ ਹੈ। ਇਹ ਸਿਰਫ ਇੱਕ ਵਿਅਕਤੀ ਜਾਂ ਭਾਈਚਾਰੇ ਦਾ ਅਪਮਾਨ ਨਹੀਂ ਹੈ, ਇਹ ਸਾਰੇ ਭਾਰਤੀਆਂ ਦੇ ਮਾਣ-ਸਨਮਾਨ ਦਾ ਅਪਮਾਨ ਹੈ।” ਰਮੇਸ਼ ਨੇ ਕਿਹਾ ਕਿ ਇਹ ਕਮਜ਼ੋਰ ਮੋਦੀ ਸਰਕਾਰ ਦੇ ਅਧੀਨ ਭਾਰਤ ਦੇ ਅਪਮਾਨ ਦੀ ਪਹਿਲੀ ਘਟਨਾ ਨਹੀਂ ਹੈ। ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਭਾਰਤੀਆਂ ਨੂੰ ਅਮਰੀਕੀ ਫੌਜੀ ਜਹਾਜ਼ ‘ਤੇ ਬਹੁਤ ਹੀ ਅਪਮਾਨਜਨਕ ਢੰਗ ਨਾਲ ਹੱਥਕੜੀਆਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਭਾਰਤ ਵਾਪਸ ਭੇਜਿਆ ਗਿਆ। ਮੋਦੀ ਸਰਕਾਰ ਨੇ ਆਪਣੇ ‘ਦੋਸਤ’ ਦੇ ਸਾਹਮਣੇ ਭਾਰਤੀਆਂ ਦੇ ਸਨਮਾਨ ਲਈ ਆਪਣੀ ਆਵਾਜ਼ ਨਹੀਂ ਉਠਾਈ।