ਚੰਡੀਗੜ੍ਹ : ਭਾਜਪਾ ਨੇ ਪੰਜਾਬ ਵਿੱਚ ਨਸ਼ੇ ਵਿਰੁੱਧ ਵੱਡੀ ਮੁਹਿੰਮ ਦਾ ਆਗਾਜ਼ ਕਰਦਿਆਂ 18 ਸਤੰਬਰ ਤੋਂ ਚਾਰ ਰਾਜ-ਪੱਧਰੀ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਕੱਢਣ ਦਾ ਐਲਾਨ ਕੀਤਾ ਹੈ। ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਹੇਠ ਕੱਢੀ ਜਾਣ ਵਾਲੀ ਇਹ ਯਾਤਰਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ ਅਤੇ ਕੁੱਲ 4,000 ਕਿੱਲੋਮੀਟਰ ਤੈਅ ਕਰੇਗੀ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਪਹਿਲੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਵੱਖ-ਵੱਖ ਹਲਕਿਆਂ ਵਿੱਚੋਂ ਹੁੰਦੀਆਂ ਹੋਈਆਂ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿਖੇ ਸੰਪੰਨ ਹੋਣਗੀਆਂ, ਜਿੱਥੇ ਸਮਾਪਤੀ ਸਮਾਗਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ।


