ਸੁਖਬੀਰ ਸਿੱਟ ਅੱਗੇ ਪੇਸ਼ ਨਹੀਂ ਹੋਏ; ਭਾਜਪਾ ਨੇ ਰੋਕਿਆ : ਆਪ

0
10

ਚੰਡੀਗੜ੍ਹ (ਨ ਜ਼ ਸ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਅੱਗੇ ਪੇਸ਼ ਨਹੀਂ ਹੋਏ। ਉਨ੍ਹਾ ਵੱਲੋਂ ਪਰਮਬੰਸ ਸਿੰਘ ਰੋਮਾਨਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਵੇਰੇ ਸਿੱਟ ਅਧਿਕਾਰੀਆਂ ਨੂੰ ਮਿਲ ਕੇ ਇੱਕ ਲਿਖਤੀ ਚਿੱਠੀ ਦੇ ਕੇ ਦੱਸਿਆ ਕਿ ਡਾਕਟਰੀ ਚੈੱਕਅਪ ਲਈ ਡਾਕਟਰ ਕੋਲ ਜਾਣ ਦੀ ਲੋੜ ਹੋਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਸੂਬੇ ਭਰ ਵਿੱਚ ਪਬਲਿਕ ਰੈਲੀਆਂ ਅਤੇ ਲੋਕ ਸੰਪਰਕ ਪ੍ਰੋਗਰਾਮਾਂ ਦੇ ਰੁਝੇਵਿਆਂ ਕਾਰਨ ਉਨ੍ਹਾ ਨੂੰ 30 ਸਤੰਬਰ ਤੋਂ ਬਾਅਦ ਜਦੋਂ ਮਰਜ਼ੀ ਸੱਦ ਲਿਆ ਜਾਵੇ।
ਰੋਮਾਨਾ ਨੇ ਕਿਹਾ, “ਅਸੀਂ ਸਿੱਟ ਤੋਂ ਲਿਖਤੀ ਪ੍ਰਸ਼ਨਾਵਲੀ ਦੀ ਵੀ ਮੰਗ ਕੀਤੀ ਹੈ। ਸਾਨੂੰ ਉਨ੍ਹਾਂ ਦੀ ਨੀਅਤ ‘ਤੇ ਸ਼ੱਕ ਹੈ। ਅਸੀਂ ਸਹਿਯੋਗ ਕਰਨਾ ਚਾਹੁੰਦੇ ਹਾਂ, ਪਰ ਉਨ੍ਹਾਂ ਦਾ ਮਕਸਦ ਸਿਆਸੀ ਬਿਰਤਾਂਤ ਸਿਰਜਣਾ ਜਾਪਦਾ ਹੈ।” ਉਨ੍ਹਾ ਦੋਸ਼ ਲਾਇਆ ਕਿ ਜਦੋਂ ਵੀ ਸਰਕਾਰ ਮੁਸ਼ਕਲ ਵਿੱਚ ਹੁੰਦੀ ਹੈ, ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਸ ਮਾਮਲੇ ਨੂੰ ਮੁੜ ਉਛਾਲ ਦਿੱਤਾ ਜਾਂਦਾ ਹੈ।
ਉੱਧਰ, ਆਮ ਆਦਮੀ ਪਾਰਟੀ ਦੇ ਆਗੂ ਰਣਬੀਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਸੁਖਬੀਰ ਬਾਦਲ ਜਾਣਬੁੱਝ ਕੇ ਪੇਸ਼ ਨਹੀਂ ਹੋ ਰਹੇ। ਭਾਜਪਾ ਅਤੇ ਅਕਾਲੀ ਦਲ ਵਿਚਕਾਰ ਕੋਈ ਸਮਝੌਤਾ ਹੋ ਰਿਹਾ ਹੈ ਅਤੇ ਭਾਜਪਾ ਨੇ ਹੀ ਬਾਦਲ ਨੂੰ ਸਿਆਸੀ ਸੁਰੱਖਿਆ ਦਾ ਭਰੋਸਾ ਦੇ ਕੇ ਪੇਸ਼ ਨਾ ਹੋਣ ਦੀ ਸਲਾਹ ਦਿੱਤੀ ਹੈ। ਮੋੜਾ ਸਿੰਘ ਅਣਜਾਣ ਤੇ ਪ੍ਰੋ. ਰਿਪਨਦੀਪ ਸਿੰਘ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਬੁਲਾਇਆ ਸੀ ਤਾਂ ਉੱਥੇ ਉਨ੍ਹਾ ਕਬੂਲਿਆ ਸੀ ਕਿ ਉਹ ਬੇਅਦਬੀਆਂ ਅਤੇ ਸ਼ਾਂਤਮਈ ਜਾਪ ਕਰਦੀ ਸੰਗਤ ‘ਤੇ ਫਾਇਰਿੰਗ ਲਈ ਜ਼ਿੰਮੇਵਾਰ ਹਨ। ਉਨ੍ਹਾ ਦੀ ਪੂਰੀ ਕੈਬਨਿਟ ਨੇ ਗੁਰੂ ਮਰਿਆਦਾ ਅਨੁਸਾਰ ਸਜ਼ਾ ਭੁਗਤੀ ਸੀ। ਜੇ ਤੁਸੀਂ ਗੁਰੂ ਦੀ ਉਸ ਸਭ ਤੋਂ ਵੱਡੀ ਅਦਾਲਤ ਵਿੱਚ ਆਪਣਾ ਗੁਨਾਹ ਮੰਨ ਕੇ ਆਏ ਹੋ, ਤਾਂ ਸਿੱਟ ਅੱਗੇ ਸੱਚ ਬੋਲਣ ਤੋਂ ਕਿਵੇਂ ਮੁੱਕਰ ਸਕਦੇ ਹੋ? ਤੁਹਾਡੀ ਗੁਰੂ ਪ੍ਰਤੀ ਸ਼ਰਧਾ ਅਤੇ ਪੰਥਕ ਸਟੈਂਡ ਕਿੱਥੇ ਗਿਆ?
ਉਨ੍ਹਾ ਕਿਹਾ ਕਿ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਗੋਲੀਕਾਂਡ ਦੇ ਦਿਨ ਉਹ ਵਿਦੇਸ਼ ਵਿੱਚ ਸਨ, ਜਦਕਿ ਫਰੀਦਕੋਟ ਅਦਾਲਤ ਦੇ ਰਿਕਾਰਡ ਅਤੇ ਉਨ੍ਹਾ ਦੀ ਹੀ ਰਿੱਟ ਪਟੀਸ਼ਨ ਮੁਤਾਬਕ ਉਹ ਉਸ ਰਾਤ ਇੱਕ ਪੰਜ ਤਾਰਾ ਹੋਟਲ ਵਿੱਚ ਬੈਠ ਕੇ ਪੁਲਸ ਦੇ ਆਹਲਾ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਸਨ। ਗ੍ਰਹਿ ਮੰਤਰੀ ਹੋਣ ਦੇ ਨਾਤੇ ਜਦੋਂ ਸਾਰੀ ਰਾਤ ਗੱਲਬਾਤ ਚੱਲ ਰਹੀ ਸੀ ਤਾਂ ਫਿਰ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਇਹ ਅਕਾਲੀ ਦਲ ਅਤੇ ਭਾਜਪਾ ਦੀ ਆਪਸੀ ਮਿਲੀਭੁਗਤ ਹੈ, ਜਿਸ ਨਾਲ ਉਨ੍ਹਾ ਦਾ ਪੰਜਾਬ, ਪੰਥ ਅਤੇ ਸਿੱਖ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।ਢੀਂਡਸਾ ਨੇ ਅੱਗੇ ਖੁਲਾਸਾ ਕੀਤਾ ਕਿ ਸੁਖਬੀਰ ਨੂੰ ਦਿੱਲੀ ਤੋਂ ਥਾਪੜਾ ਮਿਲਿਆ ਹੈ ਕਿ ਤੁਹਾਨੂੰ ਸਿੱਟ ਅੱਗੇ ਪੇਸ਼ ਹੋਣ ਦੀ ਲੋੜ ਨਹੀਂ, ਬੇਅਦਬੀ ਦੇ ਕੇਸਾਂ ‘ਚੋਂ ਤੁਹਾਨੂੰ ਬਚਾਵਾਂਗੇ। ਇਸ ਬਚਾਅ ਦੇ ਬਦਲੇ ਸੁਖਬੀਰ ਬਾਦਲ ਨੇ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਹੈ ਅਤੇ ਕਾਲੇ ਖੇਤੀ ਕਾਨੂੰਨਾਂ ‘ਤੇ ਭਾਜਪਾ ਦਾ ਸਾਥ ਦੇਣ ਦੀ ਸਹਿਮਤੀ ਦਿੱਤੀ ਹੈ। ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੱਖਰੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਦੀ ਚੋਰੀ ਦੀ ਘਟਨਾ ਤੋਂ ਅਣਜਾਣ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹਨ, ਜਦੋਂ ਕਿ ਉਨ੍ਹਾ ਦੇ ਨਿੱਜੀ ਸਕੱਤਰ ਨੇ ਵੀ ਸਿੱਟ ਨੂੰ ਦੱਸਿਆ ਸੀ ਕਿ ਇਸ ਘਟਨਾ ਦੀ ਜਾਣਕਾਰੀ ਉਪਲੱਬਧ ਸੀ। ਜਦੋਂ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾ ਰਹੇ ਸਨ, ਉਸ ਸਮੇਂ ਸੁਖਬੀਰ ਸਿੰਘ ਬਾਦਲ ਪੰਜ ਤਾਰਾ ਹੋਟਲ ਵਿੱਚ ਬੈਠੇ ਸਨ।ਉਨ੍ਹਾ ਕਿਹਾ ਕਿ ਪੰਜਾਬ ਨੂੰ ਇਹ ਜਾਨਣ ਦਾ ਹੱਕ ਹੈ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ ਅਤੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀਆਂ ਮੌਤਾਂ ਲਈ ਕੌਣ ਜ਼ਿੰਮੇਵਾਰ ਸੀ। ਉਨ੍ਹਾ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਸੁਖਬੀਰ ਬਾਦਲ ਨੂੰ ਬੇਅਦਬੀ ਅਤੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀਆਂ ਮੌਤਾਂ ਨਾਲ ਸੰਬੰਧਤ ਕੇਸਾਂ ਵਿੱਚ ਸਿਆਸੀ ਬਚਾਅ ਦੀ ਉਮੀਦ ਹੈ।