ਚੰਡੀਗੜ੍ਹ : ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬ ਦੀ ਵਿਰਾਸਤ ਹੈ। ਪਿਛਲੇ ਸਮੇਂ ਵਿੱਚ ਆਰ.ਐੱਸ.ਐੱਸ. ਤੇ ਭਾਜਪਾ ਨੇ ਇਸ ਨੂੰ ਪੰਜਾਬ ਤੋਂ ਖੋਹ ਕੇ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਕੋਝੀਆਂ ਸਾਜ਼ਿਸ਼ਾਂ ਚੱਲੀਆਂ ਹਨ, ਜਿਸ ਨੂੰ ਵਿਦਿਆਰਥੀਆਂ, ਜਮਹੂਰੀ ਲੋਕਾਂ ਅਤੇ ਸੈਨੇਟ ਦੇ ਸੁਹਿਰਦ ਮੈਂਬਰਾਂ ਦੇ ਸਾਂਝੇ ਸੰਘਰਸ਼ ਨੇ ਅਸਫ਼ਲ ਕੀਤਾ ਹੈ। ਉਨ੍ਹਾ ਕਿਹਾ ਕਿ ਸੈਨੇਟ ਦੀ ਚੋਣ ਲੜ ਰਹੇ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਾਥੀ ਨਰੇਸ਼ ਗੌੜ ਯੂਨੀਵਰਸਿਟੀ ਦੇ ਕਾਜ ਪ੍ਰਤੀ ਹਮੇਸ਼ਾ ਸੁਹਿਰਦ ਰਹੇ ਹਨ। ਦੋਵੇਂ ਪਾਰਟੀਆਂ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਾਥੀ ਐੱਨ ਕੇ ਗੌੜ ਦੀ ਡਟ ਕੇ ਹਮਾਇਤ ਕਰਨਗੀਆਂ। ਇਨ੍ਹਾਂ ਸੈਨੇਟ ਚੋਣਾਂ ‘ਚ ਡਾ. ਸੁਖਦੇਵ ਸਿੰਘ ਸਿਰਸਾ ਦਾ ਸੀਰੀਅਲ ਨੰਬਰ 47 ਹੈ ਅਤੇ ਐੱਨ.ਕੇ. ਗੌੜ ਦਾ ਸੀਰੀਅਲ ਨੰਬਰ 29 ਹੈ। ਇਨ੍ਹਾਂ ਚੋਣਾਂ ਵਿੱਚ ਪਹਿਲੀ ਅਤੇ ਦੂਸਰੀ ਪਸੰਦ ਨੂੰ ਅਪਣਾਇਆ ਜਾਵੇ।


