ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬ੍ਰਿਕਸ ਦੇ 18ਵੇਂ ਸਿਖਰ ਸੰਮੇਲਨ ‘ਚ ਹਿੱਸਾ ਲੈਣ ਭਾਰਤ ਆਏ ਰੂਸੀ ਰਾਸ਼ਟਰਪਤੀ ਪੁਤਿਨ ਨੇ ਸ਼ੁੱਕਰਵਾਰ ਬਿਜ਼ਨੈਸ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬ੍ਰਿਕਸ ਜ਼ਰੀਏ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਸਾਡਾ ਟੀਚਾ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਨੂੰ ਵਧਾਉਣਾ ਹੈ। ਅੱਜ ਪੱਛਮੀ ਦੇਸ਼ ਕਮਜ਼ੋਰ ਹੋ ਰਹੇ ਹਨ। ਬ੍ਰਿਕਸ ਨੇ ਜੀ-7 ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾ ਨੇ ਪੱਛਮੀ ਦੇਸ਼ਾਂ ਦੇ ਸਮੂਹ ਜੀ-7 ਦੀ ਅਹਿਮੀਅਤ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅੱਜ ਬ੍ਰਿਕਸ ਦੇਸ਼ ਵਿਸ਼ਵ ਦੀ ਜੀ ਡੀ ਪੀ ‘ਚ 40 ਫੀਸਦੀ ਦਾ ਯੋਗਦਾਨ ਦਿੰਦੇ ਹਨ, ਜਦਕਿ ਜੀ-7 ਦੇਸ਼ ਸਿਰਫ਼ 28 ਤੋਂ 29 ਫੀਸਦੀ। ਉਨ੍ਹਾ ਤਨਜ਼ ਕੱਸਦਿਆਂ ਕਿਹਾ, ‘ਮੈਨੂੰ ਨਹੀਂ ਪਤਾ ਉਹ ਆਪਣੇ ਆਪ ਨੂੰ ਜੀ-7 ਕਿਉਂ ਕਹਿੰਦੇ ਹਨ।’
ਰੂਸੀ ਰਾਸ਼ਟਰਪਤੀ ਨੇ ਪੱਛਮੀ ਦੇਸ਼ਾਂ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਬ੍ਰਿਕਸ ਅੱਜ ਜੀ-7 ਦੇਸ਼ਾਂ ਤੋਂ ਅੱਗੇ ਨਿਕਲ ਚੁੱਕਾ ਹੈ। ਇਸ ਕਰਕੇ ਹੁਣ ਉਹ ਆਪਣਾ ਦਬਦਬਾ ਫਿਰ ਤੋਂ ਹਾਸਲ ਕਰਨ ਲਈ ਘਟੀਆ ਤਰੀਕੇ ਦਾ ਇਸਤੇਮਾਲ ਕਰ ਰਹੇ ਹਨ। ਇਸ ‘ਚ ਜਲਮਾਰਗ ਨੂੰ ਰੋਕਣਾ ਅਤੇ ਸਮੁੰਦਰੀ ਜਹਾਜ਼ਾਂ ਨੂੰ ਜਬਤ ਕਰਨਾ ਸ਼ਾਮਲ ਹੈ।
ਪੁਤਿਨ ਨੇ ਪੱਛਮੀ ਦੇਸ਼ਾਂ ਵੱਲੋਂ ਉਠਾਏ ਜਾ ਰਹੇ ਇਨ੍ਹਾਂ ਕਦਮਾਂ ਦੀ ਆਲੋਚਨਾ ਕਰਦੇ ਹੋਏ ਈਰਾਨ ਦੀ ਮਿਸਾਲ ਦਿੱਤੀ। ਉਨ੍ਹਾ ਨੇ ਕਿਹਾ ਕਿ ਲਗਾਤਾਰ ਪਾਬੰਦੀਆਂ ਕਾਰਨ ਈਰਾਨ ਦੀ ਵਪਾਰ ਲਈ ਸ਼ਿਪਿੰਗ ਤੇ ਗਲੋਬਲ ਫਾਈਨਾਂਸ਼ੀਅਲ ਨੈਟਵਰਕ ਤੱਕ ਪਹੁੰਚ ‘ਤੇ ਬੁਰਾ ਅਸਰ ਪਿਆ ਹੈ। ਜਿਕਰਯੋਗ ਹੈ ਕਿ ਜੀ-7 ਸਮੂਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਸਮੂਹ ਕਹਿੰਦਾ ਹੈ। ਇੱਕ ਸਮਾਂ ਸੀ ਜਦ ਇਸ ਸਮੂਹ ਨੂੰ ਜੀ-8 ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਤੱਕ ਰੂਸ ਵੀ ਇਸ ਦਾ ਹਿੱਸਾ ਸੀ, ਪਰ 2014 ‘ਚ ਕ੍ਰੀਮਿਆ ‘ਤੇ ਹਮਲਾ ਕਰਨ ਤੋਂ ਬਾਅਦ ਰੂਸ ਨੂੰ ਇਸ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਲ 2030 ਤੱਕ 100 ਅਰਬ ਡਾਲਰ ਦੇ ਦੁਵੱਲੇ ਵਪਾਰਕ ਟੀਚੇ ਨੂੰ ਹਾਸਲ ਕਰਨ, ਉਦਯੋਗਕ ਸਹਿਯੋਗ ਨੂੰ ਵਧਾਉਣ ਅਤੇ ਸਿਵਲ ਪ੍ਰਮਾਣੂ ਭਾਈਵਾਲੀ ਜਿਹੇ ਮੁੱਖ ਵਿਸ਼ਿਆਂ ‘ਤੇ ਵਿਚਾਰ-ਚਰਚਾ ਕੀਤੀ। ਭਾਰਤ ਮੰਡਪਮ ਵਿਖੇ ਇਹ ਮੁਲਾਕਾਤ 18ਵੇਂ ਬ੍ਰਿਕਸ ਸੰਮੇਲਨ ਤੋਂ ਠੀਕ ਇੱਕ ਦਿਨ ਪਹਿਲਾਂ ਹੋਈ। ਗੱਲਬਾਤ ਅਜਿਹੇ ਮਾਹੌਲ ਵਿੱਚ ਹੋਈ ਹੈ, ਜਦੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਅਤੇ ਪੱਛਮੀ ਦੇਸ਼ਾਂ ਦੇ ਵਧ ਰਹੇ ਦਬਾਅ ਦੇ ਬਾਵਜੂਦ ਭਾਰਤ ਰੂਸ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਇਸ ਮੌਕੇ ਭਾਰਤੀ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਦਿਆਂ ਮੋਦੀ ਨੇ ਪੁਤਿਨ ਨੂੰ ਮਹਾਨ ਤਾਮਿਲ ਕਵੀ ਅਤੇ ਦਾਰਸ਼ਨਿਕ ਤਿਰੂਵੱਲੁਵਰ ਦੀ ਪ੍ਰਸਿੱਧ ਰਚਨਾ ‘ਤਿਰੂੱਕੁਰਲ’ ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਤੋਹਫੇ ਵਜੋਂ ਭੇਟ ਕੀਤਾ। 1,330 ਦੋਹਿਆਂ ਵਿੱਚ ਰਚੀ ਗਈ ਇਹ ਪੁਸਤਕ ਨੈਤਿਕਤਾ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖੂਬੀ ਪੇਸ਼ ਕਰਦੀ ਹੈ। ਭਾਰਤ ਮੰਡਪਮ ਵਿਖੇ ਸ਼ਨਿੱਚਰਵਾਰ ਨੂੰ ਹੋਣ ਵਾਲੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੀਟਿੰਗ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੇਗੀ। ਸਾਲ 2020 ਦੀਆਂ ਸਰਹੱਦੀ ਘਟਨਾਵਾਂ ਤੋਂ ਬਾਅਦ ਸੱਤ ਸਾਲਾਂ ਵਿੱਚ ਸ਼ੀ ਦੀ ਇਹ ਪਹਿਲੀ ਭਾਰਤ ਫੇਰੀ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਤਣਾਅ ਘਟਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਸੰਮੇਲਨ ਵਿੱਚ 11 ਮੈਂਬਰ ਦੇਸ਼—ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਈਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ, ਇੰਡੋਨੇਸ਼ੀਆ ਅਤੇ ਭਾਰਤ ਸ਼ਾਮਲ ਹੋ ਰਹੇ ਹਨ। ਭਾਰਤ ਨੇ ਬ੍ਰਿਕਸ ਨੂੰ ਕਿਸੇ ਪੱਛਮੀ ਵਿਰੋਧੀ ਬਲਾਕ ਦੀ ਬਜਾਏ ‘ਗਲੋਬਲ ਸਾਊਥ’ ਦੀ ਮਜ਼ਬੂਤ ਆਵਾਜ਼ ਵਜੋਂ ਪੇਸ਼ ਕੀਤਾ ਹੈ। ਤਿੰਨ ਦਿਨਾਂ ਸੰਮੇਲਨ ਦੌਰਾਨ ਮੋਦੀ ਕਈ ਵਿਸ਼ਵ ਆਗੂਆਂ ਨਾਲ ਮੀਟਿੰਗਾਂ ਕਰਨਗੇ। ਸ਼ਨਿੱਚਰਵਾਰ ਨੂੰ ਉਹ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ੍ਹ ਹੰਗ ਨੂੰ ਮਿਲਣਗੇ। ਇਸੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਈਰਾਨੀ ਰਾਸ਼ਟਰਪਤੀ ਨਾਲ ਵੱਖਰੀ ਮੁਲਾਕਾਤ ਕਰਨਗੇ। ਐਤਵਾਰ ਨੂੰ ਪ੍ਰਧਾਨ ਮੰਤਰੀ ਕਜ਼ਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀਆਂ ਤੋਂ ਇਲਾਵਾ ਬੁਰੂੰਡੀ, ਨਾਈਜੀਰੀਆ ਅਤੇ ਯੂਗਾਂਡਾ ਦੇ ਉੱਚ ਆਗੂਆਂ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। ਦੋ ਦਿਨਾਂ ਸੰਮੇਲਨ ਲਈ ਲਗਪਗ 15,000 ਦਿੱਲੀ ਪੁਲਸ ਕਰਮਚਾਰੀਆਂ, 200 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਅਤੇ ਪੂਰੀ ਦਿੱਲੀ ਵਿੱਚ 500 ਤੋਂ ਵੱਧ ਸੀ ਸੀ ਟੀ ਵੀ ਕੈਮਰਿਆਂ ਨਾਲ ਰਾਜਧਾਨੀ ਸੁਰੱਖਿਆ ਦੇ ਮਜ਼ਬੂਤ ਘੇਰੇ ਵਿੱਚ ਹੈ।




