ਨਸ਼ਿਆਂ ਦੀ ਦਲਦਲ ਵਿੱਚ ਫਸੀ ਜਵਾਨੀ ਬਾਰੇ ਹਰ ਸੂਝਵਾਨ ਵਿਅਕਤੀ ਨੂੰ ਫਿਕਰਮੰਦ ਹੋਣਾ ਜ਼ਰੂਰੀ ਹੈ। ਇਸ ਦਾ ਮੁੱਖ ਕਾਰਨ ਭਾਵੇਂ ਬੇਰੁਜ਼ਗਾਰ ਨੌਜਵਾਨਾਂ ਅੰਦਰ ਆਪਣੇ ਧੁੰਦਲੇ ਭਵਿੱਖ ਬਾਰੇ ਚਿੰਤਾ ਰੋਗ ਦਾ ਪਸਾਰਾ ਹੈ, ਪਰ ਇਸ ਪਿੱਛੇ ਅੰਤਰ-ਰਾਸ਼ਟਰੀ ਸਮੱਗਲਰ ਗਰੋਹਾਂ ਦੀ ਮੁਨਾਫ਼ੇ ਦੀ ਭੁੱਖ ਵੀ ਵੱਡੀ ਜ਼ਿੰਮੇਵਾਰ ਹੈ। ਲੰਮੇ ਸਮੇਂ ਤੋਂ ਇਸ ਨਸ਼ਿਆਂ ਦੇ ਕਾਰੋਬਾਰ ਲਈ ਪੰਜਾਬ ਉਪਰ ਉਂਗਲਾਂ ਉਠਦੀਆਂ ਰਹੀਆਂ ਹਨ। ਦੋਸ਼ ਲਗਦੇ ਰਹੇ ਹਨ ਕਿ ਕੌਮਾਂਤਰੀ ਸਮੱਗਲਰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਨਸ਼ਿਆਂ ਦੀ ਭਾਰਤ ਵਿੱਚ ਸਪਲਾਈ ਲਈ ਪੰਜਾਬ ਨਾਲ ਲੱਗਦੀ ਹਿੰਦ-ਪਾਕ ਸਰਹੱਦ ਨੂੰ ਵਰਤਦੇ ਹਨ।
ਪਰ ਪਿਛਲੇ ਇੱਕ ਸਾਲ ਦੌਰਾਨ ਮੋਦੀ ਦੇ ਗੁਜਰਾਤ ਵਿੱਚ ਜਿਸ ਤਰ੍ਹਾਂ ਨਸ਼ਿਆਂ ਦੀਆਂ ਇੱਕ ਤੋਂ ਇੱਕ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕੌਮਾਂਤਰੀ ਸਮੱਗਲਰਾਂ ਲਈ ਗੁਜਰਾਤ ਦੀ ਸਮੁੰਦਰੀ ਸਰਹੱਦ ਨਸ਼ਿਆਂ ਦੀ ਸਪਲਾਈ ਲਈ ਸਭ ਤੋਂ ਮਨਪਸੰਦ ਥਾਂ ਬਣ ਚੁੱਕੀ ਹੈ। ਗੁਜਰਾਤ ਵਿੱਚ ਵੀ ਇਸ ਕਾਰੋਬਾਰ ਲਈ ਮੋਦੀ ਦੇ ਮਿੱਤਰ ਅਡਾਨੀ ਦੀ ਮੁੰਦਰਾ ਪੋਰਟ ਬੰਦਰਗਾਹ ਸਮੱਗਲਰਾਂ ਨੂੰ ਬਹੁਤ ਰਾਸ ਆ ਰਹੀ ਹੈ। ਪਿਛਲੇ ਇੱਕ ਸਾਲ ਦੌਰਾਨ ਇਸ ਬੰਦਰਗਾਹ ਤੋਂ ਅਰਬਾਂ ਰੁਪਏ ਦੇ ਨਸ਼ੇ ਫੜੇ ਜਾ ਚੁੱਕੇ ਹਨ।
ਮੰੁਦਰਾ ਬੰਦਰਗਾਹ ਅਡਾਨੀ ਸਮੂਹ ਦੀ ਪ੍ਰਾਈਵੇਟ ਬੰਦਰਗਾਹ ਹੈ। ਦੇਸ਼ ਦੀਆਂ ਸਭ ਬੰਦਰਗਾਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਸਨਅਤੀ ਸੁਰੱਖਿਆ ਫੋਰਸ (ਸੀ ਆਈ ਐੱਸ ਐੱਫ) ਦੀ ਹੈ, ਪਰ ਮੁੰਦਰਾ ਬੰਦਰਗਾਹ ਇੱਕੋ-ਇੱਕ ਹੈ, ਜਿਸ ਦੀ ਸੁਰੱਖਿਆ ਅਡਾਨੀ ਦੀ ਆਪਣੀ ਨਿੱਜੀ ਸੁਰੱਖਿਆ ਫੋਰਸ ਕਰਦੀ ਹੈ। ਇਹ ਸਾਫ਼ ਹੈ ਕਿ ਅਡਾਨੀ ਦੀ ਇਹ ਬੰਦਰਗਾਹ ਸਮਗ�ਿਗ ਲਈ ਇੱਕ ਅਸਾਨ ਜਗ੍ਹਾ ਬਣ ਚੁੱਕੀ ਹੈ।
ਹੁਣ ਇਸ ਬੰਦਰਗਾਹ ਤੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ 850 ਡੱਬਿਆਂ ਵਿੱਚ ਭਰੀਆਂ 17 ਕਰੋੜ ਰੁਪਏ ਦੀਆਂ ਸਿਗਰਟਾਂ ਜ਼ਬਤ ਕੀਤੀਆਂ ਹਨ। ਜਿਨ੍ਹਾਂ ਕੰਟੇਨਰਾਂ ਵਿੱਚ ਇਹ ਸਿਗਰਟਾਂ ਆਈਆਂ ਸਨ, ਉਨ੍ਹਾਂ ਉੱਤੇ ਹੋਟਲ ਦੇ ਸਮਾਨ ਦੀ ਪਰਚੀ ਲੱਗੀ ਹੋਈ ਸੀ। ਇਸ ਤੋਂ ਪਹਿਲਾਂ ਕਿੰਨੇ ਕੰਟੇਨਰ ਅਜਿਹੀਆਂ ਪਰਚੀਆਂ ਦੀ ਆੜ ਹੇਠ ਦੇਸ਼ ਵਿੱਚ ਦਾਖ਼ਲ ਹੋ ਚੁੱਕੇ ਹੋਣਗੇ, ਇਸ ਦਾ ਪਤਾ ਲਾਉਣਾ ਮੁਸ਼ਕਲ ਹੈ। ਸਭ ਤੋਂ ਪਹਿਲਾਂ 16 ਸਤੰਬਰ 2021 ਨੂੰ ਡੀ ਆਰ ਆਈ ਨੇ ਅਫ਼ਗਾਨਿਸਤਾਨ ਤੋਂ ਆਏ ਦੋ ਕੰਟੇਨਰਾਂ ਵਿੱਚ ਭਰੀ ਹੋਈ ਵੱਡੀ ਮਾਤਰਾ ਵਿੱਚ ਹੈਰੋਇਨ ਫੜੀ ਸੀ। ਇਸ ਤੋਂ ਬਾਅਦ ਵੀ ਸਮੇਂ-ਸਮੇਂ ਉੱਤੇ ਅਜਿਹੀਆਂ ਖੇਪਾਂ ਫੜੀਆਂ ਜਾਂਦੀਆਂ ਰਹੀਆਂ ਹਨ। ਸਵਾਲ ਫਿਰ ਉਹੀ ਉਠਦਾ ਹੈ ਕਿ ਕਿੰਨੀਆਂ ਖੇਪਾਂ ਡੀ ਆਰ ਆਈ ਨੂੰ ਸੂਹ ਮਿਲਣ ਤੋਂ ਬਿਨਾਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪੁੱਜ ਚੁੱਕੀਆਂ ਹੋਣਗੀਆਂ, ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਵਾਰ ਨਸ਼ੇ ਦੀ ਖੇਪ ਫੜੇ ਜਾਣ ਤੋਂ ਬਾਅਦ ਅਡਾਨੀ ਸਮੂਹ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਕੀ ਏਨੀਆਂ ਗੰਭੀਰ ਘਟਨਾਵਾਂ ਤੋਂ ਬਾਅਦ ਵੀ ਮੁੰਦਰਾ ਬੰਦਰਗਾਹ ਦੀ ਸੁਰੱਖਿਆ ਅਡਾਨੀ ਦੀ ਪ੍ਰਾਈਵੇਟ ਫੋਰਸ ਨੂੰ ਦੇਣੀ ਜਾਇਜ਼ ਹੈ? ਕੀ ਏਨੀਆਂ ਗੈਰ-ਕਾਨੂੰਨੀ ਕਾਰਵਾਈਆਂ ਕਾਰਨ ਮੋਦੀ ਦੇ ਮਿੱਤਰ ਗੌਤਮ ਅਡਾਨੀ ਦੀ ਬੰਦਰਗਾਹ ਵਿਰੁੱਧ ਕੋਈ ਕਾਰਵਾਈ ਹੋਵੇਗੀ? ਕੀ ਮੁੰਦਰਾ ਬੰਦਰਗਾਹ ਦੀ ਮਾਲਕੀ ਅਡਾਨੀ ਕੋਲ ਹੋਣਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਤਾਂ ਨਹੀਂ ਬਣ ਜਾਵੇਗਾ? ਕੀ ਮੌਜੂਦਾ ਸਰਕਾਰ ਕੋਲ ਅਡਾਨੀ ਵਿਰੁੱਧ ਕੋਈ ਕਾਰਵਾਈ ਕਰਨ ਦੀ ਹਿੰਮਤ ਹੀ ਨਹੀਂ? ਇਹ ਉਹ ਸਵਾਲ ਹਨ, ਜਿਹੜੇ ਜਨਤਾ ਦੇ ਮਨਾਂ ਵਿੱਚ ਪੈਦਾ ਹੋ ਰਹੇ ਹਨ ਤੇ ਇਹ ਜਾਇਜ਼ ਵੀ ਹਨ।