ਮੁਰਾਦਾਬਾਦ : ਖਣਨ ਮਾਫੀਆ ਦਾ ਪਿੱਛਾ ਕਰਦਿਆਂ ਉੱਤਰਾਖੰਡ ਪੁੱਜੀ ਯੂ ਪੀ ਪੁਲਸ ਦੇ ਐਨਕਾਊਂਟਰ ਦੌਰਾਨ ਇਕ ਭਾਜਪਾ ਆਗੂ ਦੀ ਪਤਨੀ ਮਾਰੀ ਗਈ। ਗੋਲੀਬਾਰੀ ਦੌਰਾਨ ਉਹ ਡਿਊਟੀ ਤੋਂ ਪਰਤ ਰਹੀ ਸੀ।
ਯੂ ਪੀ ਪੁਲਸ ਨੂੰ ਬੁੱਧਵਾਰ ਦੁਪਹਿਰ ਸੂਹ ਮਿਲੀ ਸੀ ਕਿ ਖਣਨ ਮਾਫੀਆ ਜਫਰ ਮੁਰਾਦਾਬਾਦ ਦੇ ਠਾਕੁਰ ਦਵਾਰਾ ਇਲਾਕੇ ਵਿਚ ਹੈ। ਪੁਲਸ ਨੇ ਛਾਪਾ ਮਾਰਿਆ ਤਾਂ ਉਸ ਨੇ ਫਾਇਰਿੰਗ ਕਰ ਦਿੱਤੀ। ਘਿਰਦਾ ਦੇਖ ਜਫਰ ਯੂ ਪੀ ਬਾਰਡਰ ਪਾਰ ਕਰਕੇ ਉੱਤਰਾਖੰਡ ਵਿਚ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕੁੰਡਾ ਥਾਣੇ ਦੇ ਪਿੰਡ ਭਰਤਪੁਰ ਪੁੱਜ ਗਿਆ। ਯੂ ਪੀ ਪੁਲਸ ਵੀ ਪੁੱਜ ਗਈ। ਬਰੇਲੀ ਜ਼ੋਨ ਦੇ ਏ ਡੀ ਜੀ ਰਾਜਕੁਮਾਰ ਨੇ ਦੱਸਿਆ ਕਿ ਜਫਰ ਭਰਤਪੁਰ ਵਿਚ ਭਾਜਪਾ ਆਗੂ ਗੁਰਤਾਜ ਸਿੰਘ ਭੁੱਲਰ ਦੇ ਫਾਰਮ ਹਾਊਸ ਵਿਚ ਵੜ ਗਿਆ। ਠਾਕੁਰ ਦਵਾਰਾ ਥਾਣੇ ਤੋਂ ਭਰਤਪੁਰ ਦੀ ਦੂਰੀ ਕਰੀਬ 8 ਕਿੱਲੋਮੀਟਰ ਹੈ। ਸਾਦੇ ਕੱਪੜਿਆਂ ਵਿਚ ਪੁਲਸ ਦੇ 10-12 ਮੁਲਾਜ਼ਮ ਫਾਰਮ ਹਾਊਸ ਵਿਚ ਵੜੇ ਤਾਂ ਸ਼ੁਰੂ ’ਚ ਭੁੱਲਰ ਪਰਵਾਰ ਨੇ ਉਨ੍ਹਾਂ ਨੂੰ ਬਦਮਾਸ਼ ਸਮਝਿਆ। ਪੁਲਸ ਨੇ ਆਪਣੇ ਬਾਰੇ ਦੱਸਿਆ ਤੇ 50 ਹਜ਼ਾਰ ਦੇ ਇਨਾਮ ਵਾਲੇ ਜਫਰ ਨੂੰ ਹਵਾਲੇ ਕਰਨ ਲਈ ਕਿਹਾ, ਪਰ ਭੁੱਲਰ ਪਰਵਾਰ ਲੋਕਲ ਪੁਲਸ ਨੂੰ ਸੱਦਣ ਦੀ ਮੰਗ ਕਰਨ ਲੱਗਾ। ਇਸੇ ਦਰਮਿਆਨ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਹਿਸ ਦੌਰਾਨ ਪੁਲਸ ਨੂੰ ਜਫਰ ਨਜ਼ਰ ਆ ਗਿਆ। ਪੁਲਸ ਵਾਲਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਭੁੱਲਰ ਦੀ ਪਤਨੀ ਗੁਰਜੀਤ ਕੌਰ (28) ਕੋਆਪ੍ਰੇਟਿਵ ਸੁਸਾਇਟੀ ’ਚ ਡਿਊਟੀ ਦਿੰਦੀ ਪਰਤ ਰਹੀ ਸੀ ਤੇ ਗੋਲੀ ਉਸ ਨੂੰ ਵੀ ਲੱਗ ਗਈ ਤੇ ਉਸ ਦੀ ਮੌਤ ਹੋ ਗਈ। ਪਰਵਾਰ ਦੇ ਬਿਆਨ ’ਤੇ ਕੁੰਡਾ ਥਾਣੇ ਨੇ ਮੁਰਾਦਾਬਾਦ ਦੇ ਚਾਰ ਪੁਲਸ ਵਾਲਿਆਂ ਨੂੰ ਨਾਮਜ਼ਦ ਕਰਦਿਆਂ 10-12 ਪੁਲਸ ਵਾਲਿਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਫਰ ਤੇ ਉਸ ਦੇ ਸਾਥੀਆਂ ਨੇ ਫਾਰਮ ਹਾਊਸ ’ਤੇ 12 ਪੁਲਸ ਵਾਲਿਆਂ ਨੂੰ ਇਕ ਘੰਟੇ ਤੱਕ ਬੰਦੀ ਬਣਾਈ ਰੱਖਿਆ। ਉਨ੍ਹਾਂ ਦੇ ਹਥਿਆਰ ਲੁੱਟ ਲਏ ਤੇ ਗੱਡੀ ਨੂੰ ਫੂਕ ਦਿੱਤਾ। ਗੁਰਜੀਤ ਦੀ ਮੌਤ ’ਤੇ ਲੋਕ ਪ੍ਰੋਟੈੱਸਟ ਕਰ ਰਹੇ ਸਨ ਤਾਂ ਜਫਰ ਉਸ ਦਾ ਫਾਇਦਾ ਉਠਾ ਕੇ ਭੱਜ ਨਿਕਲਿਆ। ਲੋਕਾਂ ਨੇ ਕੁੰਡਾ ਤਿਰਾਹੇ ’ਤੇ ਜਾਮ ਲਾ ਕੇ ਹੰਗਾਮਾ ਕੀਤਾ। ਯੂ ਪੀ ਪੁਲਸ ਨੇ ਵੀ ਕੁਝ ਪੇਂਡੂਆਂ ’ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕਰਾਇਆ ਹੈ।
ਊਧਮ ਸਿੰਘ ਨਗਰ ਦੇ ਐੱਸ ਐੱਸ ਪੀ ਮੰਜੂਨਾਥ ਨੇ ਕਿਹਾ ਕਿ ਯੂ ਪੀ ਪੁਲਸ ਨੇ ਛਾਪੇ ਬਾਰੇ ਉਨ੍ਹਾ ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਯੂ ਪੀ ਦੇ ਪੁਲਸ ਜਵਾਨਾਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਮਹਿਲਾ ਦੀ ਮੌਤ ਹੋ ਗਈ ਹੈ, ਉਹ ਉਨ੍ਹਾਂ ਦੇ ਜਵਾਨਾਂ ਨੂੰ ਧੱਕਾ ਦੇ ਕੇ ਭੱਜ ਗਏ। ਉੱਤਰਾਖੰਡ ਪੁਲਸ ਨੇ ਬੈਰੀਅਰ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੈਰੀਅਰ ’ਤੇ ਗੱਡੀ ਚੜ੍ਹਾ ਕੇ ਭੱਜ ਗਏ।
ਜਫਰ ਨੇ 13 ਸਤੰਬਰ ਨੂੰ ਐੱਸ ਡੀ ਐੱਮ ਦੀ ਟੀਮ ਨੂੰ ਬੰਦੀ ਬਣਾਇਆ ਸੀ ਤੇ ਡੰਪਰ ਖੋਹ ਕੇ ਲੈ ਗਿਆ ਸੀ। ਪੁਲਸ ਉਸੇ ਮਾਮਲੇ ਵਿਚ ਉਸ ਦੀ ਭਾਲ ਕਰ ਰਹੀ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੁਰਾਦਾਬਾਦ ਦੇ ਡੀ ਆਈ ਜੀ ਸ਼ਲਭ ਮਾਥੁਰ ਨੂੰ ਝਾੜਦਿਆਂ ਖਣਨ ਮਾਫੀਆ ਖਿਲਾਫ ਸਖਤ ਐਕਸ਼ਨ ਲੈਣ ਦਾ ਹੁਕਮ ਦਿੱਤਾ ਸੀ।




