ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜਸਟਿਸ ਨੇ ਦਿੜ੍ਹਬਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪੁਲਸ ਨੂੰ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀ.ਐੱਸ.ਪੀ. ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਮੁੱਖ ਜਸਟਿਸ ਨੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੈ ਅਤੇ ਢੁਕਵੀਂ ਜਾਂਚ ਕਰਨ ਲਈ ਕਿਹਾ ਹੈ । ਡੀ.ਐੱਸ.ਪੀ. ਨੇ ਕਿਹਾ ਕਿ ਇਸ ਵੇਲੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ ਅਤੇ ਜਾਂਚ ਦੇ ਤੱਥ ਨਸ਼ਰ ਨਹੀਂ ਕੀਤੇ ਜਾ ਸਕਦੇ।
ਬਹਾਦਰੀ ਮੈਡਲ ਜੇਤੂਆਂ ਨੂੰ ਮਿਲੇਗੀ ਉਮਰ ਭਰ ਮੁਫ਼ਤ ਰੇਲ ਯਾਤਰਾ ਸਹੂਲਤ
ਚੰਡੀਗੜ੍ਹ : ਰੱਖਿਆ ਮੰਤਰਾਲੇ ਨੇ ਬਹਾਦਰੀ ਲਈ ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਪ੍ਰਾਪਤ ਕਰਨ ਵਾਲੇ ਜਵਾਨਾਂ ਲਈ ਭਾਰਤੀ ਰੇਲਵੇ ਦੀਆਂ ਫਸਟ ਕਲਾਸ, ਸੈਕਿੰਡ ਏ.ਸੀ. ਅਤੇ ਏ.ਸੀ. ਚੇਅਰ ਕਾਰ ਵਿੱਚ ਉਮਰ ਭਰ ਲਈ ਮੁਫ਼ਤ ਰੇਲ ਯਾਤਰਾ ਸਹੂਲਤ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਹੂਲਤ ਪੁਰਸਕਾਰ ਜੇਤੂਆਂ ਦੀਆਂ ਪਤਨੀਆਂ, ਵਿਧਵਾਵਾਂ ਜਾਂ ਦੂਜਾ ਵਿਆਹ ਕਰਵਾਉਣ ਤੱਕ ਅਤੇ ਸ਼ਹੀਦ ਹੋਏ ਅਣਵਿਆਹੇ ਪੁਰਸਕਾਰ ਜੇਤੂਆਂ ਦੇ ਮਾਤਾ-ਪਿਤਾ ਨੂੰ ਵੀ ਦਿੱਤੀ ਗਈ ਹੈ। ਸਰਕਾਰੀ ਮਨਜ਼ੂਰੀ ਨੂੰ ਲਾਗੂ ਕਰਨ ਲਈ ਇੱਕ ਸੁਖਾਲੀ ਅਤੇ ਕਾਗਜ਼-ਰਹਿਤ (ਡਿਜੀਟਲ) ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਭਾਰਤੀ ਫੌਜ ਨੇ ਬੁੱਧਵਾਰ ਨੂੰ ਦੱਸਿਆ ਕਿ ਯੋਗ ਲਾਭਪਾਤਰੀ ਇੰਡੀਅਨ ਰੇਲਵੇ ਕੰਸੈਸ਼ਨ ਕਾਰਡ ਪੋਰਟਲ ਰਾਹੀਂ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਭਾਰਤੀ ਸੈਨਾ ਮੁਖੀ ਰੂਸ ਦੇ ਤਿੰਨ ਦਿਨਾ ਦੌਰੇ ‘ਤੇ
ਨਵੀਂ ਦਿੱਲੀ : ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਧੀਰਜ ਸੇਠ ਤਿੰਨ ਦਿਨਾਂ (16 ਤੋਂ 18 ਸਤੰਬਰ) ਸਰਕਾਰੀ ਦੌਰੇ ‘ਤੇ ਰੂਸ ਪਹੁੰਚ ਗਏ ਹਨ। ਆਪਣੇ ਇਸ ਦੌਰੇ ਦੌਰਾਨ ਉਹ ਭਾਰਤੀ ਸੈਨਾ ਕੋਲ ਮੌਜੂਦ ਰੂਸੀ ਮੂਲ ਦੇ ਹਥਿਆਰਾਂ ਤੇ ਸਮਾਨ ਦੇ ਅਪਗਰੇਡੇਸ਼ਨ, ਸਪੇਅਰ ਪਾਰਟਸ ਅਤੇ ਬਾਕੀ ਜ਼ਰੂਰੀ ਸਮੱਗਰੀ ਦੀ ਨਿਰਵਿਘਨ ਸਪਲਾਈ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਉੱਚ ਪੱਧਰੀ ਚਰਚਾ ਕਰਨਗੇ। ਰੱਖਿਆ ਮੰਤਰਾਲੇ ਅਨੁਸਾਰ ਜਨਰਲ ਸੇਠ ਆਪਣੇ ਦੌਰੇ ਦੌਰਾਨ ਰੱਖਿਆ ਉਦਯੋਗ ਅਤੇ ਖਰੀਦ ਮਾਮਲਿਆਂ ਦੇ ਉਪ ਮੰਤਰੀ ਨਾਲ ਮੁਲਾਕਾਤ ਕਰਨਗੇ। ਪਿਛਲੇ ਲੱਗਭੱਗ 8 ਸਾਲਾਂ ਵਿੱਚ ਕਿਸੇ ਭਾਰਤੀ ਸੈਨਾ ਮੁਖੀ ਦਾ ਇਹ ਪਹਿਲਾ ਰੂਸ ਦੌਰਾ ਹੈ।




