ਸਿੱਖ ਡਰਾਈਵਰ ‘ਤੇ ਹਮਲਾ, ਦਾੜ੍ਹੀ ਪੁੱਟੀ

0
15

ਲੰਡਨ : ਯੂ ਕੇ ਦੇ ਸ਼੍ਰੋਪਸ਼ਾਇਰ ਅਧੀਨ ਆਉਂਦੇ ਸ਼ਹਿਰ ਟੈਲਫੋਰਡ ਵਿੱਚ ਇੱਕ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ, ਬੱਸ ਹਾਈਜੈਕ ਕਰਨ ਅਤੇ ਕਈ ਗੱਡੀਆਂ ਨੂੰ ਟੱਕਰਾਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਸ਼ਾਮ ਮੇਡਲੇ ਦੇ ਕੋਰਟ ਸਟਰੀਟ ਵਿੱਚ ਪੁਲਸ ਨੂੰ ਹਮਲੇ ਦੀ ਇਤਲਾਹ ਮਿਲੀ ਸੀ। ਵਾਇਰਲ ਵੀਡੀਓ ਅਤੇ ਸਰੋਤਾਂ ਅਨੁਸਾਰ ਇੱਕ ਹਮਲਾਵਰ ਵੱਲੋਂ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕੀਤਾ ਗਿਆ, ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਾੜ੍ਹੀ ਵੀ ਪੁੱਟੀ ਗਈ। ਇਸ ਹਮਲੇ ਦੌਰਾਨ ਡਰਾਈਵਰ ਨੂੰ ਬੱਸ ਵਿੱਚੋਂ ਬਾਹਰ ਧੱਕਾ ਦੇ ਕੇ ਕੱਢ ਦਿੱਤਾ ਗਿਆ। ਡਰਾਈਵਰ ਨੂੰ ਬੱਸ ‘ਚੋਂ ਕੱਢਣ ਤੋਂ ਬਾਅਦ ਹਮਲਾਵਰ ਨੇ ਬੱਸ ‘ਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਪਾਰਕ ਵੇਅ ਤੋਂ ਹਾਈ ਸਟਰੀਟ ਵੱਲ ਸੜਕ ਦੇ ਗਲਤ ਪਾਸੇ ਬਹੁਤ ਹੀ ਲਾਪਰਵਾਹੀ ਨਾਲ ਚਲਾਇਆ। ਇਸ ਦੌਰਾਨ ਬੱਸ ਨੇ ਕਈ ਹੋਰ ਗੱਡੀਆਂ ਨੂੰ ਜ਼ੋਰਦਾਰ ਟੱਕਰਾਂ ਮਾਰੀਆਂ, ਜਿਸ ਨਾਲ ਕਈ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ। ਘਟਨਾ ਸਮੇਂ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਅਤੇ ਤੁਰੰਤ ਪੁਲਸ ਨੂੰ ਫੋਨ ਕਰਕੇ ਸੂਚਿਤ ਕੀਤਾ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ : ਸੈਣੀ
ਗੁਰੂਗ੍ਰਾਮ : ਮੁੱਖ ਮੰਤਰੀ ਭਗਵੰਤ ਮਾਨ ਦੇ ‘ਨਕਲੀ ਪੱਗ’ ਵਾਲੇ ਤਨਜ਼ ‘ਤੇ ਪਲਟਵਾਰ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ ਹੈ ਅਤੇ ਇਸ ਨੂੰ ਚੋਣ ਰਾਜਨੀਤੀ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਮਾਨ ਉਹਨਾ ਦੀ ਰਾਜਨੀਤੀ, ਫ਼ੈਸਲਿਆਂ, ਵਿਚਾਰਾਂ ਜਾਂ ਇੱਥੋਂ ਤੱਕ ਕਿ ਉਨ੍ਹਾ ਦੇ ਪਹਿਰਾਵੇ ‘ਤੇ ਸਵਾਲ ਚੁੱਕਣ ਲਈ ਆਜ਼ਾਦ ਹਨ, ਪਰ ਉਨ੍ਹਾ ਮਾਨ ਦੀ ਟਿੱਪਣੀ ਨੂੰ ਧਰਮ ‘ਤੇ ਹਮਲਾ ਕਰਾਰ ਦਿੱਤਾ। ਉਨ੍ਹਾ ਪੱਗ ਨੂੰ ਆਦਰ, ਸਵੈ-ਮਾਣ, ਵਿਸ਼ਵਾਸ ਅਤੇ ਸਾਡੇ ਗੁਰੂਆਂ ਵੱਲੋਂ ਸੌਂਪੀ ਗਈ ਸ਼ਾਨਦਾਰ ਪਰੰਪਰਾ ਦਾ ਪ੍ਰਤੀਕ ਦੱਸਿਆ।