ਮਾਨਸਾ : ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਬੰਬੀਹਾ ਗੈਂਗ ਦੇ ਇੱਕ ਅਣਪਛਾਤੇ ਮੈਂਬਰ ਵਿਰੁੱਧ ਕੇਸ ਦਰਜ ਕੀਤਾ ਹੈ। ਐੱਸ ਐੱਸ ਪੀ. ਮਾਨਸਾ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਵਿੱਕੀ ਨੂੰ ਬੀਤੇ ਵੀਰਵਾਰ ਇੱਕ ਕੌਮਾਂਤਰੀ ਨੰਬਰ ਤੋਂ ਵਟਸਐਪ ‘ਤੇ ਧਮਕੀ ਭਰੀ ਕਾਲ ਅਤੇ ਵਾਇਸ ਨੋਟ ਪ੍ਰਾਪਤ ਹੋਇਆ। ਕਾਲ ਕਰਨ ਵਾਲੇ ਨੇ ਖ਼ੁਦ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸਦਿਆਂ ਵਿੱਕੀ ਨੂੰ ਚਿਤਾਵਨੀ ਦਿੱਤੀ ਕਿ ਉਹ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਉਨ੍ਹਾ ਦੇ ਪਿਤਾ ਬਲਕੌਰ ਸਿੰਘ ਬਾਰੇ ਕੋਈ ਵੀ ਬਿਆਨਬਾਜ਼ੀ ਨਾ ਕਰੇ। ਵਿੱਕੀ ਨੇ ਦੱਸਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਹਲਕੇ ਤੋਂ ਕਾਂਗਰਸ ਦੀ ਟਿਕਟ ਦਾ ਦਾਅਵੇਦਾਰ ਹੈ ਤੇ ਉਸ ਨੇ ਕਦੇ ਵੀ ਮੂਸੇਵਾਲਾ ਜਾਂ ਉਸ ਦੇ ਪਰਵਾਰ ਵਿਰੁੱਧ ਕੁਝ ਨਹੀਂ ਬੋਲਿਆ, ਪਰ ਹਾਲ ਹੀ ਵਿੱਚ ਮੈਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਿੱਤੇ ਕੁਝ ਬਿਆਨਾਂ ਦਾ ਜਵਾਬ ਦਿੱਤਾ ਸੀ।




