ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸਮਾਗਮ 26 ਨੂੰ

0
9

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ਼ਨੀਵਾਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਪ੍ਰਭਾਵਸ਼ਾਲੀ ਸਮਾਗਮ 26 ਸਤੰਬਰ ਸਨਿੱਚਰਵਾਰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ‘ਚ ਕੀਤਾ ਜਾਏਗਾ।
ਇਸ ਸਮਾਗਮ ਦੇ ਮੁੱਖ ਵਕਤਾ ਨਾਮਵਰ ਚਿੰਤਕ ਸੁਮੇਲ ਸਿੰਘ ਸਿੱਧੂ ਹੋਣਗੇ। ਉਹਨਾ ਦਾ ‘ਸ਼ਹੀਦ ਭਗਤ ਸਿੰਘ ਦੇ ਜਨਮ ‘ਤੇ ਵਿਸ਼ੇਸ਼ ਸੰਬੋਧਨ : ਲੋਕਾਈ ਤੇ ਇਤਿਹਾਸ ਦਾ ਸੰਜੋਗ – ਭਗਤ ਸਿੰਘ ਦੇ ਮਾਰਕਸਵਾਦੀ ਤਰੀਕਾਕਾਰ ਦੀ ਬਣਤਰ’ ਵਿਸ਼ੇ ‘ਤੇ ਕੇਂਦਰਤ ਹੋਏਗਾ। ਕਮੇਟੀ ਨੇ ਪੰਜਾਬ ਦੀਆਂ ਸਮੂਹ ਲੋਕ-ਪੱਖੀ ਸੰਸਥਾਵਾਂ ਨੂੰ ਸਮਾਗਮ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਭੇਜਿਆ ਹੈ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜਾ ਇਸ ਸਮਾਗਮ ਤੋਂ ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਕਾਫ਼ਲਾ ਮੁਹਿੰਮ ਦਾ ਆਗਾਜ਼ ਵੀ ਕੀਤਾ ਜਾਏਗਾ, ਜੋ ਕਿ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਸਮੂਹ ਨਗਰਾਂ ਵਿੱਚ ਜਾ ਕੇ ਪਹਿਲੀ ਨਵੰਬਰ ਨੂੰ ਲੱਗਣ ਵਾਲੇ ਸਾਲਾਨਾ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ਲਈ ਹਰ ਪੱਖੋਂ ਸਹਿਯੋਗ ਲਈ ਅਪੀਲ ਅਤੇ ਆਜ਼ਾਦੀ ਘੁਲਾਟੀਆਂ ਦੇ ਨਗਰਾਂ ਨੂੰ ਸਿਜਦਾ ਕਰਕੇ ਆਏਗਾ। ਟਰੱਸਟ ਦੀ ਮੀਟਿੰਗ ਨੇ 4 ਅਕਤੂਬਰ ਨੂੰ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਪੇਸ਼ਕਾਰੀ ਕਲਾ ਵੰਨਗੀਆਂ, ਬੁਲਾਰਿਆਂ, ਝੰਡਾ ਲਹਿਰਾਉਣ ਦੀ ਰਸਮ, ਸਮੇਂ ਦੇ ਹਾਣੀ ਵਿਸ਼ਿਆਂ ਉਪਰ ਗੰਭੀਰ ਵਿਚਾਰਾਂ, ਕਲਾਕ੍ਰਿਤਾਂ ਦੇ ਪ੍ਰਭਾਵਸ਼ਾਲੀ ਗੁਲਦਸਤੇ ਨੂੰ ਤਿਆਰ ਕਰਨ ਦਾ ਯਤਨ ਕੀਤਾ ਜਾਏਗਾ।
ਮੀਟਿੰਗ ਨੇ ਸੋਹਣ ਸਿੰਘ ਪੂਨੀ ਕੈਨੇਡਾ ਵਾਸੀ ਨੂੰ ਇੱਕ ਧੰਨਵਾਦ ਪੱਤਰ ਵੀ ਭੇਜਣ ਦਾ ਫੈਸਲਾ ਕੀਤਾ ਹੈ, ਜਿਨ੍ਹਾ ਦੇਸ਼ ਭਗਤ ਯਾਦਗਾਰ ਕਮੇਟੀ ਦੀ ਲਾਇਬ੍ਰੇਰੀ ਲਈ ਦੁਰਲੱਭ ਇਤਿਹਾਸਕ ਦਸਤਾਵੇਜ਼ ਭੇਟ ਕਰਨ ਦਾ ਸ਼ਲਾਘਾਯੋਗ ਫੈਸਲਾ ਲਿਆ ਹੈ। ਇਹ ਜਾਣਕਾਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਰੀ ਇਕ ਲਿਖਤੀ ਬਿਆਨ ‘ਚ ਦਿੱਤੀ।