ਚੰਡੀਗੜ੍ਹ (ਗਿਆਨ ਸੈਦਪੁਰੀ)
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਇੱਕ ਪੱਤਰ ਭੇਜ ਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਤੋਂ ਜਲਦੀ ਮੀਟਿੰਗ ਕਰਨ ਦੀ ਮੰਗ ਕੀਤੀ ਹੈ। ਸਾਂਝੇ ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਇੱਕ ਜਨਤਕ ਸਮਾਗਮ ਦੌਰਾਨ ਜਥੇਬੰਦੀਆਂ ਨੂੰ ਧਰਨੇ ਲਾਉਣ ਤੋਂ ਪਹਿਲਾਂ ਉਹਨਾਂ ਨਾਲ ਮੀਟਿੰਗਾਂ ਕਰਕੇ ਮਸਲੇ ਹੱਲ ਕਰਨ ਦਾ ਜੋ ਸੱਦਾ ਦਿੱਤਾ ਗਿਆ ਸੀ, ਉਸ ਨੂੰ ਮੁੱਖ ਰੱਖਦੇ ਹੋਏ ਇਹ ਪੱਤਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਰਾਹੀਂ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਈ ਮੇਲ ਰਾਹੀਂ ਭੇਜਿਆ ਗਿਆ ਹੈ। ਉਹਨਾ ਦੱਸਿਆ ਕਿ ਪੱਤਰ ਦੇ ਨਾਲ ਹੀ ਸਾਂਝੇ ਮਜ਼ਦੂਰ ਮੋਰਚੇ ਦਾ ਮੰਗ ਪੱਤਰ ਵੀ ਨਾਲ ਨੱਥੀ ਕੀਤਾ ਗਿਆ ਹੈ।
ਮਜ਼ਦੂਰ ਮੋਰਚੇ ਦੇ ਆਗੂਆਂ ਦਰਸ਼ਨ ਨਾਹਰ, ਦੇਵੀ ਕੁਮਾਰੀ ਸਰਹਾਲੀ ਕਲਾਂ, ਤਰਸੇਮ ਪੀਟਰ, ਗੋਬਿੰਦ ਸਿੰਘ ਛਾਜਲੀ, ਭੂਪ ਚੰਦ ਚੰਨੋ, ਮੁਕੇਸ਼ ਮਲੌਦ, ਕੁਲਵੰਤ ਸਿੰਘ ਸੇਲਵਰ੍ਹਾ ਤੇ ਜੋਰਾ ਸਿੰਘ ਨਸਰਾਲੀ ਨੇ ਮੁੱਖ ਮੰਤਰੀ ਵੱਲੋਂ ਆਪਣੇ ਆਪ ਨੂੰ ‘ਲੋਕਾਂ ਦਾ ਮਿੱਤਰ ਕੀੜਾ’ ਦੱਸਦੇ ਹੋਏ ਉਹਨਾਂ ਦੇ ਮਸਲੇ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿਣ ਦੇ ਬਿਆਨ ‘ਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਪਿਛਲੇ ਚਾਰ ਸਾਲਾਂ ਦੌਰਾਨ ਜਥੇਬੰਦੀਆਂ ਨਾਲ਼ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਸਾਂਝੇ ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਨੂੰ ਭੇਜੇ ਪੱਤਰ ਰਾਹੀਂ ਇਹ ਸ਼ਿਕਵਾ ਵੀ ਜ਼ਾਹਰ ਕੀਤਾ ਗਿਆ ਕਿ ਉਹਨਾ ਵੱਲੋਂ ਸਾਂਝੇ ਮਜ਼ਦੂਰ ਮੋਰਚੇ ਨਾਲ਼ ਕਈ ਵਾਰ ਲਿਖਤੀ ਮੀਟਿੰਗਾਂ ਦਾ ਸੱਦਾ ਦੇ ਕੇ ਕੋਈ ਮੀਟਿੰਗ ਨਹੀਂ ਕੀਤੀ ਗਈ। ਉਹਨਾਂ ਭੇਜੇ ਗਏ ਪੱਤਰ ਰਾਹੀਂ ਆਸ ਪ੍ਰਗਟਾਈ ਕਿ ਆਪਣੇ ਬਿਆਨ ਅਨੁਸਾਰ ਮੁੱਖ ਮੰਤਰੀ ਵੱਲੋਂ ਜਲਦੀ ਮੀਟਿੰਗ ਕਰਕੇ ਮਸਲੇ ਹੱਲ ਕੀਤੇ ਜਾਣਗੇ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਵੱਲੋਂ ਜਲਦੀ ਮੀਟਿੰਗ ਕਰਕੇ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ 11-12 ਅਕਤੂਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਦੇ ਅੱਗੇ ਧਰਨਾ ਦਿੱਤਾ ਜਾਵੇਗਾ।




