ਲੁਧਿਆਣਾ : ਪੀ ਏ ਯੂ ਦੇ ਮੈਦਾਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਠੀਕ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਸ਼ਨੀਵਾਰ ਪੀ ਏ ਯੂ ਦੇ ਗੇਟ ਨੰਬਰ 8 ਦੇ ਬਾਹਰ ਮੁੱਖ ਮੰਤਰੀ ਲਈ ਸ਼ਰਾਬ ਦੀ ਬੋਤਲ, ਟਮਾਟਰ ਅਤੇ ਆਂਡੇ ਲੈ ਕੇ ਪੁੱਜੇ। ਇਸ ਮੌਕੇ ਹੱਥਾਂ ਵਿੱਚ ਬੋਤਲ ਅਤੇ ਟਮਾਟਰ ਫੜੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਸ਼ਰਾਬ ਦਾ ਆਨੰਦ ਲੈਣ । ਪੀ ਏ ਯੂ ਦੇ ਗੇਟ ਨੰਬਰ 8 ਦੇ ਬਾਹਰ ਇੱਕ ਕਾਹਲੀ ਵਿੱਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਬਿੱਟੂ ਨੇ ਕਿਹਾ ਕਿ ਉਹ ਬਾਕੀ ਬਚੇ ਆਂਡੇ ਅਤੇ ਟਮਾਟਰ ਵੀ ਲੈ ਕੇ ਆਏ ਹਨ, ਜੋ ਉਨ੍ਹਾ ਦੇ ਪਾਰਟੀ ਵਰਕਰਾਂ ਨੇ ਕੱਲ੍ਹ ਉਨ੍ਹਾ ਦੇ ਕਾਫ਼ਲੇ ‘ਤੇ ਸੁੱਟੇ ਸਨ।
ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਯਾਤਰਾ ਦਾ ਸੱਤਾਧਾਰੀ ਪਾਰਟੀ ‘ਆਪ’ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜੇ ਸੱਤਾਧਾਰੀ ਪਾਰਟੀ ਨੇ ਭਾਜਪਾ ਯਾਤਰਾ ਵਿੱਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਵੀ ਅਜਿਹੇ ਹੀ ਨਤੀਜੇ ਭੁਗਤਣੇ ਪੈਣਗੇ।
ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਭਾਜਪਾ ਕਾਰਕੁਨਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਵੱਲ ਟਮਾਟਰ ਤੇ ਆਂਡੇ ਸੁੱਟੇ, ਜਿਸ ਮਗਰੋਂ ਪੁਲਸ ਨੇ ਬਿੱਟੂ ਸਮੇਤ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।




