ਬਠਿੰਡਾ (ਬਖਤੌਰ ਢਿੱਲੋਂ)-ਕੌਮੀ ਰਾਜਧਾਨੀ ਵਿੱਚ ਪ੍ਰਦਰਸ਼ਨ ਦੌਰਾਨ ਕੁੜੀਆਂ ਦੀਆਂ ਛਾਤੀਆਂ ਨਾਲ ਛੇੜਛਾੜ ਕਰਨੀ ਅਤਿ ਸ਼ਰਮਨਾਕ ਘਟਨਾ ਹੈ | ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸੁਆਲ ਉਠਾਇਆ ਕਿ ਭਾਜਪਾ ਸਰਕਾਰ ਦੇ ਸ਼ਾਸਨ ਵਿੱਚ ਦਿੱਲੀ ਪੁਲਸ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਦਿੱਲੀ ਪੁਲਸ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਕੰਮ ਕਰਦੀ ਹੋਣ ਕਰਕੇ ਇਸ ਘਿਨਾਉਣੀ ਘਟਨਾ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ |
ਦਿੱਲੀ ਦੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਮੌਕੇ ਦਿੱਲੀ ਪੁਲਸ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਸੀ, ਖਾਸ ਕਰਕੇ ਮਹਿਲਾਵਾਂ ਦੀ ਰੱਖਿਆ ਲਈ | ਕੇਂਦਰੀ ਗ੍ਰਹਿ ਵਿਭਾਗ ਵੱਲੋਂ ਦਿੱਤੀ ਖੁੱਲ੍ਹ ਸਦਕਾ ਰਾਖੀ ਕਰਨ ਵਾਲੀ ਪੁਲਸ ਦੇ ਮਰਦ ਅਧਿਕਾਰੀ ਏ ਸੀ ਪੀ ਵਿਵੇਕ ਭਗਤ ਨੇ ਕੁੜੀਆਂ ਦੀਆਂ ਛਾਤੀਆਂ ਨਾਲ ਛੇੜਛਾੜ ਕੀਤੀ | ਤਿੰਨ ਮਹਿਲਾ ਪੱਤਰਕਾਰਾਂ ਵੱਲੋਂ ਲਾਏ ਦੋਸ਼ ਉਪਰੰਤ ਜਾਂਚ ਲਈ ਇਹ ਮਾਮਲਾ ਦਿੱਲੀ ਦੀ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ ਹੈ, ਪਰ ਹੈਰਾਨੀ ਉਸ ਸਮੇਂ ਹੋਈ, ਜਦੋਂ ਵਿਵੇਕ ਭਗਤ ਦੀ ਬਦਲੀ ਵੀ ਅਪਰਾਧ ਸ਼ਾਖਾ ਦੀ ਕਰ ਦਿੱਤੀ ਗਈ | ਪੁਲਸ ਐੱਫ ਆਈ ਆਰ ਦਰਜ ਕਰਨ ਦੀ ਬਜਾਏ ਬਿਆਨ ਦਰਜ ਕਰਨ ਜਾਂ ਪੁੱਛਗਿੱਛ ਕਰਨ ਦੇ ਬਹਾਨੇ ਬਣਾ ਕੇ ਟਾਲਾ ਵੱਟ ਰਹੀ ਹੈ | ਸੇਖੋਂ ਨੇ ਕਿਹਾ ਕਿ ਭਾਜਪਾ ਦੇ ਰਾਜਭਾਗ ਦੌਰਾਨ ਪਹਿਲਾਂ ਵੀ ਪ੍ਰਦਰਸ਼ਨਾਂ ਦੌਰਾਨ ਔਰਤਾਂ ਨਾਲ ਛੇੜਛਾੜ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਭਾਜਪਾ ਸਰਕਾਰ ਮਾਮਲਿਆਂ ਨੂੰ ਦਬਾਉਣ ਦੇ ਯਤਨ ਕਰਦੀ ਰਹੀ ਹੈ | ਭਾਜਪਾ ਦੇ ਬਹੁਤ ਸਾਰੇ ਆਗੂਆਂ, ਸੰਸਦ ਮੈਂਬਰਾਂ, ਵਿਧਾਇਕਾਂ ਆਦਿ ‘ਤੇ ਔਰਤਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗ ਚੁੱਕੇ ਹਨ | ਹੁਣ ਦਿੱਲੀ ਪੁਲਸ ਜੋ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਹੈ, ਦੂਜੇ ਰਾਜਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਉਹਨਾ ਕਿਹਾ ਕਿ ਜੇਕਰ ਔਰਤਾਂ ਨਾਲ ਦੇਸ਼ ਦੀ ਰਾਜਧਾਨੀ ਵਿੱਚ ਪੁਲਸ ਅਧਿਕਾਰੀਆਂ ਵੱਲੋਂ ਹੀ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ, ਉਸ ਵੱਲੋਂ ਤੁਰੰਤ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ | ਸੂਬਾ ਸਕੱਤਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਤੁਰੰਤ ਏ ਸੀ ਪੀ ਵਿਵੇਕ ਭਗਤ ‘ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲਿਆ ਜਾਣਾ ਚਾਹੀਦਾ ਹੈ | ਜੇਕਰ ਇਸ ਮਾਮਲੇ ਨੰੂ ਲਟਕਾਉਣ ਦੇ ਯਤਨ ਕੀਤੇ ਤਾਂ ਦੇਸ਼ ਵਾਸੀਆਂ ਨੂੰ ਇਨਸਾਫ਼ ਹਾਸਲ ਕਰਨ ਲਈ ਸੜਕਾਂ ‘ਤੇ ਨਿਕਲਣਾ ਚਾਹੀਦਾ ਹੈ |




